ਅੰਮ੍ਰਿਤਸਰ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ/ ਲਾਪਤਾ ਭੈਣਾਂ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ/ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦਾ ਕੀਤਾ ਧੰਨਵਾਦ

0
1

ਅੰਮ੍ਰਿਤਸਰ ਦੇ ਥਾਣਾ ਸਦਰ ਅਧੀਨ ਪੈਂਦੇ ਬਾਬਾ ਦੀਪ ਸਿੰਘ ਕਲੋਨੀ ਇਲਾਕੇ ਤੋਂ ਲਾਪਤਾ ਹੋਈਆਂ ਦੋ ਸਗੀਆਂ ਭੈਣਾਂ ਨੂੰ ਪੰਜਾਬ ਪੁਲਿਸ ਨੇ ਮਹਿਜ਼ 18 ਘੰਟਿਆਂ ਦੇ ਅੰਦਰ ਸਹੀ-ਸਲਾਮਤ ਬਰਾਮਦ ਕਰ ਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਪੁਲਿਸ ਦੀ ਇਸ ਤੁਰੰਤ ਕਾਰਵਾਈ ਤੋਂ ਖੁਸ਼ ਹੋ ਕੇ ਪਰਿਵਾਰ ਵੱਲੋਂ ਥਾਣੇ ਪਹੁੰਚ ਕੇ ਐਸ.ਐਚ.ਓ. ਅਤੇ ਪੁਲਿਸ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਦੋਵੇਂ ਭੈਣਾਂ ਮਾਪਿਆਂ ਨਾਲ ਨਾਰਾਜਗੀ ਦੇ ਚਲਦਿਆਂ ਲੁਧਿਆਣੇ ਚਲੀਆਂ ਗਈਆਂ ਸੀ, ਜਿੱਥੋਂ ਪੁਲਿਸ ਨੇ ਦੋਵਾਂ ਨੂੰ ਬਰਾਮਦ ਕਰ ਕੇ ਮਾਪਿਆਂ ਹਵਾਲੇ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.ਐਚ.ਓ. ਇੰਸਪੈਕਟਰ ਕਰੰਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਦੋ ਭੈਣਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਤਾਂ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਤਕਨੀਕੀ ਮਾਹਿਰਾਂ ਦੀ ਮਦਦ ਨਾਲ ਕਾਲ ਡਿਟੇਲਾਂ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਭੈਣਾਂ ਆਪਣੇ ਮਾਪਿਆਂ ਨਾਲ ਮਾਮੂਲੀ ਨਾਰਾਜ਼ਗੀ ਕਾਰਨ ਲੁਧਿਆਣਾ ਚਲੀਆਂ ਗਈਆਂ ਸਨ, ਜਿੱਥੇ ਉਨ੍ਹਾਂ ਨੇ ਇੱਕ ਰਾਤ ਗੁਰਦੁਆਰਾ ਸਾਹਿਬ ਵਿਖੇ ਗੁਜ਼ਾਰੀ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਲੜਕੀਆਂ ਨੂੰ ਲੁਧਿਆਣਾ ਤੋਂ ਸਹੀ-ਸਲਾਮਤ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਘਟਨਾ ਨਹੀਂ ਵਾਪਰੀ। ਉੱਥੇ ਹੀ ਲੜਕੀਆਂ ਦੇ ਪਿਤਾ ਪਿੰਟੂ ਕੁਮਾਰ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਨੇ ਦਿਨ-ਰਾਤ ਇੱਕ ਕਰਕੇ ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਦੀਆਂ ਧੀਆਂ ਨੂੰ ਲੱਭ ਲਿਆ।
ਉਨ੍ਹਾਂ ਕਿਹਾ ਕਿ ਅਕਸਰ ਲੋਕ ਪੰਜਾਬ ਪੁਲਿਸ ‘ਤੇ ਸਵਾਲ ਚੁੱਕਦੇ ਹਨ, ਪਰ ਉਨ੍ਹਾਂ ਦੇ ਪਰਿਵਾਰ ਨੂੰ ਪੁਲਿਸ ਵੱਲੋਂ ਮਿਲਿਆ ਸਹਿਯੋਗ ਬੇਹੱਦ ਸ਼ਲਾਘਾਯੋਗ ਹੈ। ਪਰਿਵਾਰ ਵੱਲੋਂ ਥਾਣਾ ਸਦਰ ਪਹੁੰਚ ਕੇ ਐਸ.ਐਚ.ਓ. ਕਰੰਦੀਪ ਸਿੰਘ ਅਤੇ ਸਮੂਹ ਸਟਾਫ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਗਈ। ਪ੍ਰਵਾਸੀ ਪਰਿਵਾਰ ਨੇ ਕਿਹਾ ਕਿ ਪੰਜਾਬ ਵਿੱਚ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਕਿਉਂਕਿ ਪੰਜਾਬ ਪੁਲਿਸ ਹਰ ਵੇਲੇ ਲੋਕਾਂ ਦੀ ਮਦਦ ਲਈ ਤਤਪਰ ਰਹਿੰਦੀ ਹੈ।

LEAVE A REPLY

Please enter your comment!
Please enter your name here