ਮੁਕਤਸਰ ਵਿਖੇ ਮੇਰਾ ਮਕਾਨ ਮੇਰੇ ਨਾਮ’ ਮੁਹਿੰਮ ਤਹਿਤ ਸਮਾਗਮ/ ਪਿੰਡ ਲਾਲਬਾਈ ਦੇ 585 ਪਰਿਵਾਰਾਂ ਨੂੰ ਮਿਲੇ ਮਾਲਕੀ ਹੱਕ/ ਮੰਤਰੀ ਖੁੱਡੀਆਂ ਨੇ ਵੰਡੇ ਸਰਟੀਫਿਕੇਟ

0
3

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲਾਲਬਾਈ ਵਿਖੇ ‘ਮੇਰਾ ਮਕਾਨ ਮੇਰੇ ਨਾਮ’ ਮੁਹਿੰਮ ਤਹਿਤ ਪ੍ਰਾਪਰਟੀ ਕਾਰਡ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ 10 ਲਾਭਪਾਤਰੀਆਂ ਨੂੰ ਸੰਕੇਤਕ ਤੌਰ ‘ਤੇ ਮਾਲਕੀ ਸਰਟੀਫਿਕੇਟ ਸੌਂਪੇ ਗਏ। ਜਦਕਿ ਪਿੰਡ ਦੇ ਕੁੱਲ 585 ਮਕਾਨਾਂ ਦੇ ਮਾਲਕੀ ਸਰਟੀਫਿਕੇਟ ਪਟਵਾਰੀ ਅਤੇ ਪੰਚਾਇਤ ਰਾਹੀਂ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ। ਇਸ ਮੌਕੇ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕ ਦੇਣ ਦਾ ਇਤਿਹਾਸਕ ਫੈਸਲਾ ਲਿਆ ਹੈ। ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਵੀ ਸਵਾਲ ਚੁੱਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਮਾਲਕੀ ਹੱਕ ਦੇਣ ਦਾ ਇਤਿਹਾਸਕ ਫੈਸਲਾ ਲਿਆ ਹੈ। ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਵਿੱਚ ਪੰਜ-ਪੰਜ ਅਤੇ ਦੋ-ਦੋ ਵਾਰ ਮੁੱਖ ਮੰਤਰੀ ਰਹਿਣ ਵਾਲੇ ਆਗੂ ਵੀ ਲੋਕਾਂ ਦੇ ਹੱਕ ਵਿੱਚ ਅਜਿਹਾ ਫੈਸਲਾ ਨਹੀਂ ਲੈ ਸਕੇ ਸਨ।
ਉਨ੍ਹਾਂ ਕਿਹਾ ਕਿ 80 ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਏਸ਼ੀਅਨ ਹਾਕੀ ਦੇ ਮੈਚ ਕਰਵਾਏ ਗਏ ਹਨ ਅਤੇ ਹੁਣ ਹਾਕੀ ਵਰਲਡ ਕੱਪ ਦੀ ਮੇਜ਼ਬਾਨੀ ਵੀ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਵਿੱਚ ਹਮੇਸ਼ਾ ਅੱਧੋਂ ਵੱਧ ਖਿਡਾਰੀ ਪੰਜਾਬੀ ਹੁੰਦੇ ਹਨ ਅਤੇ ਪੰਜਾਬ ਵਿੱਚ ਟੂਰਨਾਮੈਂਟ ਹੋਣ ਨਾਲ ਖਿਡਾਰੀਆਂ ਦੇ ਮਾਪਿਆਂ ਅਤੇ ਪੰਜਾਬ ਵਾਸੀਆਂ ਨੂੰ ਆਪਣੇ ਘਰ ਵਿੱਚ ਹੀ ਬੱਚਿਆਂ ਦੀ ਖੇਡ ਦੇਖਣ ਦਾ ਮੌਕਾ ਮਿਲਿਆ ਹੈ, ਜੋ ਪਹਿਲਾਂ ਚੇਨਈ ਜਾਂ ਵਿਦੇਸ਼ਾਂ ਵਿੱਚ ਹੋਣ ਕਾਰਨ ਸੰਭਵ ਨਹੀਂ ਸੀ ਹੁੰਦਾ।
ਪਿੰਡਾਂ ਦੀਆਂ ਛੋਟੀਆਂ ਮੰਡੀਆਂ ਬੰਦ ਹੋਣ ਅਤੇ ਝੋਨੇ ਦੀ ਚੁਕਾਈ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਛੋਟੀਆਂ ਮੰਡੀਆਂ ਦਾ ਸੀਜ਼ਨ ਇੱਕ ਮਹੀਨੇ ਦਾ ਹੁੰਦਾ ਹੈ, ਜਿਸ ਤੋਂ ਬਾਅਦ ਸਟਾਫ ਵੱਡੀਆਂ ਮੰਡੀਆਂ ਵਿੱਚ ਤਾਇਨਾਤ ਹੋ ਜਾਂਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮੰਡੀਆਂ ਵਿੱਚ ਪਿਆ ਸਾਰਾ ਝੋਨਾ ਐਫ.ਸੀ.ਆਈ. (FCI) ਨਾਲ ਗੱਲਬਾਤ ਕਰਕੇ ਜਲਦ ਚੁਕਵਾਇਆ ਜਾਵੇਗਾ। ਦਿੱਲੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਏ ਜਾਣ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੇ ਪੰਜਾਬ ਵਿਰੋਧੀ ਐਨਕ ਲਗਾਈ ਹੋਈ ਹੈ ਅਤੇ ਉਹ ਸਿਰਫ਼ ਪੰਜਾਬ ਨੂੰ ਨਿੰਦਣ ਦਾ ਕੰਮ ਕਰਦੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਪੰਜਾਬ ਦੇ ਸਿਰ ‘ਤੇ ਹੀ ਜਿਉਂਦੀ ਅਤੇ ਸੁਰੱਖਿਅਤ ਹੈ ਕਿਉਂਕਿ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦੀ ਦਿਵਾਈ, ਸਰਹੱਦਾਂ ‘ਤੇ ਨੌਜਵਾਨ ਸ਼ਹੀਦੀਆਂ ਦੇ ਰਹੇ ਹਨ ਅਤੇ ਦੇਸ਼ ਦਾ ਢਿੱਡ ਭਰਨ ਲਈ ਪੰਜਾਬ ਕੇਂਦਰੀ ਅਨਾਜ ਪੂਲ ਵਿੱਚ 40 ਫੀਸਦੀ ਤੋਂ ਵੱਧ ਕਣਕ ਅਤੇ 25 ਤੋਂ 28 ਫੀਸਦੀ ਝੋਨੇ ਦਾ ਹਿੱਸਾ ਪਾਉਂਦਾ ਹੈ, ਹਾਲਾਂਕਿ ਚੌਲ ਪੰਜਾਬੀਆਂ ਦੀ ਮੁੱਖ ਖੁਰਾਕ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਐਨ.ਜੀ.ਟੀ. (NGT) ਦੇ ਅੰਕੜੇ ਵੀ ਸਪੱਸ਼ਟ ਕਰ ਦੇਣਗੇ ਕਿ ਦਿੱਲੀ ਦਾ ਪ੍ਰਦੂਸ਼ਣ ਪੰਜਾਬ ਕਾਰਨ ਨਹੀਂ ਹੈ।

LEAVE A REPLY

Please enter your comment!
Please enter your name here