ਬਠਿੰਡਾ ’ਚ ਭਿਆਨਕ ਸੜਕ ਹਾਦਸੇ ’ਚ ਤਿੰਨ ਦੀ ਮੌਤ/ ਪਰਾਲੀ ਵਾਲੀ ਟਰਾਲੀ ਤੇ ਮੋਟਰ ਸਾਇਕਲ ਵਿਚਾਲੇ ਟੱਕਰ

0
2

 

ਬਠਿੰਡਾ-ਮਾਨਸਾ ਜ਼ਿਲ੍ਹੇ ਦੀ ਹੱਦ ’ਤੇ ਪੈਂਦੇ ਪਿੰਡ ਜੌੜਕੀਆਂ ਨੇੜੇ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪਿੰਡ ਜੌੜਕੀਆਂ ਅਤੇ ਨਥੇਹਾ ਵਿਚਕਾਰ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਦੀਵਾਲੀ ਦੀਆਂ ਖੁਸ਼ੀਆਂ ਗਮੀ ਵਿੱਚ ਬਦਲ ਗਈਆਂ।ਜਾਣਕਾਰੀ ਅਨੁਸਾਰ, ਪਿੰਡ ਜੌੜਕੀਆਂ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ (25) ਅਤੇ ਹਰਭਜਨ ਸਿੰਘ (25) ਆਪਣਾ ਕੰਮ ਖਤਮ ਕਰਕੇ ਮੋਟਰਸਾਈਕਲ ’ਤੇ ਵਾਪਸ ਪਿੰਡ ਆ ਰਹੇ ਸਨ। ਜਦੋਂ ਉਹ ਨਥੇਹਾ ਪਹੁੰਚੇ ਤਾਂ ਉੱਥੇ ਬਲਵਿੰਦਰ ਸਿੰਘ ਉਰਫ਼ ਬੋਘਾ (30) ਵੀ ਮਿਲਿਆ, ਜੋ ਸਰਦੂਲਗੜ੍ਹ ਵਿੱਚ ਦੁਕਾਨ ’ਤੇ ਕੰਮ ਕਰਦਾ ਸੀ। ਬਲਵਿੰਦਰ ਸਿੰਘ ਨੇ ਵੀ ਉਨ੍ਹਾਂ ਤੋਂ ਮੋਟਰਸਾਈਕਲ ’ਤੇ ਲਿਫਟ ਲੈ ਲਈ।

ਤਿੰਨੇ ਨੌਜਵਾਨ ਮੋਟਰਸਾਈਕਲ ’ਤੇ ਪਿੰਡ ਜੌੜਕੀਆਂ ਵੱਲ ਜਾ ਰਹੇ ਸਨ। ਜਦੋਂ ਉਹ ਆਪਣੇ ਪਿੰਡ ਤੋਂ ਥੋੜ੍ਹਾ ਪਿੱਛੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਤਿੰਨ ਨੌਜਵਾਨਾਂ ਦੀ ਇਕੱਠਿਆਂ ਹੋਈ ਮੌਤ ਨੇ ਪਰਿਵਾਰਾਂ ਨੂੰ ਗਹਿਰਾ ਸਦਮਾ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ’ਤੇ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ ਟਰੈਕਟਰ-ਟਰਾਲੀਆਂ ਦੀ ਆਵਾਜਾਈ ਨੂੰ ਲੈ ਕੇ ਸਖ਼ਤ ਨਿਯਮ ਲਾਗੂ ਕੀਤੇ ਜਾਣ ਅਤੇ ਉਨ੍ਹਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ, ਤਾਂ ਜੋ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਮ੍ਰਿਤਕ ਬਲਵਿੰਦਰ ਸਿੰਘ ਉਰਫ਼ ਬੋਘਾ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚਿਆਂ ਸਮੇਤ ਪਰਿਵਾਰ ਛੱਡ ਗਿਆ ਹੈ। ਪਰਿਵਾਰਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮ੍ਰਿਤਕ ਨੌਜਵਾਨਾਂ ਦੇ ਵਾਰਸਾਂ ਨੂੰ ਬਣਦਾ ਮੁਆਵਜ਼ਾ ਦੇਣ ਅਤੇ ਹਾਦਸੇ ਲਈ ਜ਼ਿੰਮੇਵਾਰ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ, ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੌੜਕੀਆਂ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਟਰੈਕਟਰ-ਟਰਾਲੀ ਚਾਲਕ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here