ਕਪੂਰਥਲਾ ’ਚ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ/ 25 ਤੋਲੇ ਸੋਨਾ, 12 ਤੋਲੇ ਚਾਂਦੀ ਤੇ ਨਕਦੀ ਲੈ ਕੇ ਫਰਾਰ/ ਕੰਧ ’ਚ ਸੰਨ ਲਾ ਕੇ ਅੰਦਰ ਦਾਖਲ ਹੋਏ ਚੋਰ

0
3

 

ਸੁਲਤਾਨਪੁਰ ਲੋਧੀ ਦੇ ਪਿੰਡ ਚੱਕ ਕੋਟਲਾ ਵਿਖੇ ਚੋਰੀ ਦੀ ਵੱਡੀ ਵਾਰਦਾਤ ਵਾਪਰੀ ਹੈ। ਇੱਥੇ ਕੰਧ ਵਿਚ ਸੰਨ ਲਾ ਕੇ ਘਰ ਅੰਦਰ ਦਾਖਲ ਹੋਏ ਚੋਰ 20 ਤੋਲੇ ਸੋਨਾ, 12 ਤੋਲੇ ਚਾਂਦੀ ਤੇ ਢਾਈ ਲੱਖ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਚੋਰਾਂ ਨੇ ਘਰ ਦੇ ਮਾਲਕ ਵੱਲੋਂ 20 ਸਾਲਾਂ ਤਕ ਵਿਦੇਸ਼ ਵਿਚ ਰਹਿ ਕੇ ਕੀਤੀ ਕਮਾਈ ਪਲਾ ਵਿਚ ਉਡਾ ਲੈਣ ਕਾਰਨ ਪਰਿਵਾਰ ਸਦਮੇ ਵਿਚ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਛੇਤੀ ਕਾਬੂ ਕਰਨ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਚੋਰਾਂ ਦੀ ਹਿੰਮਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੇ ਘਰ ਦੇ ਮੈਂਬਰਾਂ ਦੇ ਵਿਹੜੇ ਵਿੱਚ ਸੁੱਤੇ ਹੋਣ ਦੇ ਬਾਵਜੂਦ ਪੂਰੀ ਤਸੱਲੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਜਾਂਦੇ ਸਮੇਂ ਉਹ ਘਰ ਦੇ ਅੰਦਰਲੇ ਦਰਵਾਜ਼ਿਆਂ ਨੂੰ ਕੱਪੜਿਆਂ ਨਾਲ ਬੰਨ੍ਹ ਗਏ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ। ਜਦੋਂ ਸਵੇਰੇ ਪਰਿਵਾਰਕ ਮੈਂਬਰ ਜਾਗੇ ਤਾਂ ਉਹਨਾਂ ਨੂੰ ਕੁਝ ਅਜੀਬ ਮਹਿਸੂਸ ਹੋਇਆ। ਛੱਤ ਰਾਹੀਂ ਅੰਦਰ ਜਾ ਕੇ ਵੇਖਿਆ ਤਾਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ, ਸਾਮਾਨ ਖਿਲਰਿਆ ਹੋਇਆ ਸੀ ਅਤੇ ਘਰ ਵਿੱਚੋਂ ਲਗਭਗ 25 ਤੋਲੇ ਸੋਨਾ, 10 ਤੋਂ 12 ਤੋਲੇ ਚਾਂਦੀ, ਕਰੀਬ ਢਾਈ ਲੱਖ ਰੁਪਏ ਨਕਦ ਅਤੇ ਹੋਰ ਕੀਮਤੀ ਸਾਮਾਨ ਗਾਇਬ ਸੀ।
ਪੀੜਤ ਪਰਿਵਾਰ ਦੀਆਂ ਮੈਂਬਰਾਂ ਬਲਜੀਤ ਕੌਰ ਅਤੇ ਸੰਦੀਪ ਕੌਰ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਗਲਾ ਭਰ ਆਇਆ ਸੀ। ਉਹਨਾਂ ਦੱਸਿਆ ਕਿ ਪਰਿਵਾਰ ਦੇ ਮੈਂਬਰ ਪਿਛਲੇ ਕਰੀਬ ਵੀਹ ਸਾਲਾਂ ਤੋਂ ਵਿਦੇਸ਼ ਵਿੱਚ ਮਿਹਨਤ-ਮਜ਼ਦੂਰੀ ਕਰਕੇ ਘਰ ਦਾ ਭਵਿੱਖ ਸੰਵਾਰਨ ਲਈ ਇੱਕ-ਇੱਕ ਪੈਸਾ ਜੋੜ ਰਹੇ ਸਨ। ਧੀਆਂ ਦੇ ਵਿਆਹਾਂ ਅਤੇ ਪਰਿਵਾਰਕ ਜ਼ਰੂਰਤਾਂ ਲਈ ਸੰਭਾਲ ਕੇ ਰੱਖਿਆ ਸੋਨਾ ਅਤੇ ਨਕਦੀ ਹੁਣ ਚੋਰ ਲੈ ਗਏ ਹਨ।  ਉਹਨਾਂ ਕਿਹਾ ਕਿ ਇਹ ਸਿਰਫ਼ ਚੋਰੀ ਨਹੀਂ, ਸਗੋਂ ਉਹਨਾਂ ਦੇ ਸੁਪਨਿਆਂ, ਉਮੀਦਾਂ ਅਤੇ ਸਾਲਾਂ ਦੀ ਮਿਹਨਤ ‘ਤੇ ਡਾਕਾ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਉਹਨਾਂ ਦੋਸ਼ ਲਗਾਇਆ ਕਿ ਕੁਝ ਸਮਾਂ ਪਹਿਲਾਂ ਬਸਤੀ ਰੰਗੀਲਪੁਰ ਵਿੱਚ ਵੀ ਚੋਰੀ ਦੀ ਇੱਕ ਵੱਡੀ ਵਾਰਦਾਤ ਹੋਈ ਸੀ, ਪਰ ਅਜੇ ਤੱਕ ਉਸ ਮਾਮਲੇ ਵਿੱਚ ਵੀ ਪੁਲਿਸ ਦੇ ਹੱਥ ਖਾਲੀ ਹਨ। ਇਸ ਕਾਰਨ ਲੋਕਾਂ ਦਾ ਭਰੋਸਾ ਡਗਮਗਾਉਣ ਲੱਗਾ ਹੈ ਅਤੇ ਲੋਕ ਆਪਣੇ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਪਿੰਡ ਦੇ ਸਰਪੰਚ ਹਰਚਰਨ ਸਿੰਘ ਨੇ ਕਿਹਾ ਕਿ ਚੱਕ ਕੋਟਲਾ ਹਮੇਸ਼ਾ ਅਮਨ ਅਤੇ ਭਾਈਚਾਰੇ ਲਈ ਜਾਣਿਆ ਜਾਂਦਾ ਰਿਹਾ ਹੈ, ਪਰ ਇਸ ਵੱਡੀ ਚੋਰੀ ਨੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਪੰਚਾਇਤ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ।
ਚੌਂਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ ਜਾ ਰਹੀ ਹੈ ਅਤੇ ਹਰ ਸੰਭਵ ਪੱਖ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਹਨਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੱਕ ਕੋਟਲਾ ਦੀ ਇਹ ਵਾਰਦਾਤ ਇੱਕ ਵਾਰ ਫਿਰ ਇਲਾਕੇ ਵਿੱਚ ਕਾਨੂੰਨ-ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਅੰਨ੍ਹੇ ਚੋਰੀ ਕਾਂਡ ਦੀ ਗੁੱਥੀ ਕਦੋਂ ਤੱਕ ਸੁਲਝਾ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਂਦੀ ਹੈ।
ਗੌਰਤਲਬ ਹੈ ਕਿ ਕੁਝ ਸਮਾਂ ਪਹਿਲਾਂ ਪਿੰਡ ਬਸਤੀ ਰੰਗੀਲਪੁਰ ਵਿੱਚ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰ ਚੋਰਾਂ ਨੇ ਧਾਵਾ ਬੋਲਦਿਆਂ ਕਰੀਬ 15 ਤੋਲੇ ਸੋਨਾ, ਨਗਦੀ ਅਤੇ 500 ਯੂਰੋ ਚੋਰੀ ਕਰ ਲਏ ਸਨ। ਉਸ ਮਾਮਲੇ ਵਿੱਚ ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਣ ਦੇ ਬਾਵਜੂਦ ਪੁਲਿਸ ਅਜੇ ਤੱਕ ਕੋਈ ਵੱਡੀ ਸਫਲਤਾ ਹਾਸਲ ਨਹੀਂ ਕਰ ਸਕੀ। ਹੁਣ ਚੱਕ ਕੋਟਲਾ ਵਿੱਚ ਹੋਈ ਇਸ ਵੱਡੀ ਚੋਰੀ ਨੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।

LEAVE A REPLY

Please enter your comment!
Please enter your name here