ਪੰਜਾਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬਾਨਾਂ ਦੀ ਇਕੱਤਰਤਾ/ ਅਮਰਜੀਤ ਚਾਵਲਾ ਤੇ ਮਲਕੀਤ ਸਿੰਘ ਖਿਲਾਫ ਸਖਤ ਫੈਸਲਾ/ ਨਿਰਦੋਸ਼ ਸਾਬਤ ਹੋਣ ਤੱਕ ਸਿੱਖ ਸੰਸਥਾਵਾਂ ’ਚ ਸੇਵਾ ’ਤੇ ਰੋਕ By admin - September 20, 2026 0 2 Facebook Twitter Pinterest WhatsApp ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਅਹਿਮ ਇਕੱਤਰਤਾ ਹੋਈ। ਇਕੱਤਰਤਾ ਦੌਰਾਨ ਚਾਰ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾ ਹੋਈ। ਮੀਟਿੰਗ ਦੌਰਾਨ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਖਿਲਾਫ ਸਖਤ ਫੈਸਲਾ ਲਿਆ ਗਿਆ ਹੈ। ਫੈਸਲੇ ਮੁਤਾਬਕ ਇਨ੍ਹਾਂ ਉਤੇ ਨਿਰਦੋਸ਼ ਸਾਬਤ ਹੋਣ ਤਕ ਸਿੱਖ ਸੰਸਥਾਵਾਂ ’ਚ ਸੇਵਾ ਉਤੇ ਰੋਕ ਲਗਾ ਦਿੱਤੀ ਗਈ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਨਿਰਦੋਸ਼ ਸਾਬਤ ਤਕ ਉਨ੍ਹਾਂ ਨੂੰ ਸਿੱਖੀ ਵਿੱਚੋਂ ਖ਼ਾਰਜ ਰੱਖਣ ਅਤੇ ਉਮਰ ਭਰ ਸਿੱਖ ਧਾਰਮਿਕ ਸੰਸਥਾਵਾਂ ਵਿੱਚ ਕੰਮ ਕਰਨ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਨਿਰਦੋਸ਼ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਆਪਣਾ ਪੱਖ ਰੱਖਣਾ ਪਵੇਗਾ। ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਇਲਾਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖ਼ਸ਼ਪ੍ਰੀਤ ਸਿੰਘ ਅਤੇ ਪੰਜ ਪਿਆਰਿਆਂ ਵਿੱਚੋਂ ਭਾਈ ਮੰਗਲ ਸਿੰਘ ਹਾਜ਼ਰ ਰਹੇ। ਇਕੱਤਰਤਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਅਨੰਦਪੁਰ ਸਾਹਿਬ ਨਾਲ ਸਬੰਧਤ ਚੱਲ ਰਹੇ ਵਿਵਾਦ ਨੂੰ ਵੀ ਇਕੱਤਰਤਾ ਵਿੱਚ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਨਾਲ ਸਬੰਧਤ ਹੋਣ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਜੁੜਿਆ ਹੋਣ ਕਰਕੇ ਇਸ ਮਾਮਲੇ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬੀਬੀ ਵੱਲੋਂ ਅਮਰਜੀਤ ਸਿੰਘ ’ਤੇ ਲਗਾਏ ਗਏ ਦੋਸ਼ਾਂ ਦੇ ਮੱਦੇਨਜ਼ਰ, ਜਦੋਂ ਤੱਕ ਉਹ ਨਿਰਦੋਸ਼ ਸਾਬਤ ਨਹੀਂ ਹੋ ਜਾਂਦੇ, ਉਨ੍ਹਾਂ ਨੂੰ ਸਿੱਖੀ ਵਿੱਚੋਂ ਖ਼ਾਰਜ ਰੱਖਣ ਅਤੇ ਉਮਰ ਭਰ ਸਿੱਖ ਧਾਰਮਿਕ ਸੰਸਥਾਵਾਂ ਵਿੱਚ ਕੰਮ ਕਰਨ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਨਿਰਦੋਸ਼ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਆਪਣਾ ਪੱਖ ਰੱਖਣਾ ਪਵੇਗਾ। ਇਸੇ ਤਰ੍ਹਾਂ ਮਲਕੀਤ ਸਿੰਘ ਖ਼ਿਲਾਫ਼ ਵੀ ਬੀਬੀ ਵੱਲੋਂ ਕਥਿਤ ਗਲਤ ਅਤੇ ਅਸ਼ਲੀਲ ਚੈਟਿੰਗ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਗਿਆ। ਜਥੇਦਾਰ ਨੇ ਕਿਹਾ ਕਿ ਜਦੋਂ ਤੱਕ ਮਲਕੀਤ ਸਿੰਘ ਨਿਰਦੋਸ਼ ਸਾਬਤ ਨਹੀਂ ਹੋ ਜਾਂਦੇ, ਉਨ੍ਹਾਂ ਨੂੰ ਵੀ ਸਿੱਖੀ ਵਿੱਚੋਂ ਖ਼ਾਰਜ ਰੱਖਣ ਅਤੇ ਉਮਰ ਭਰ ਧਾਰਮਿਕ ਸਿੱਖ ਸੰਸਥਾਵਾਂ ਵਿੱਚ ਸੇਵਾ ਕਰਨ ’ਤੇ ਰੋਕ ਲਗਾਈ ਗਈ ਹੈ। ਇਸ ਦੌਰਾਨ ਦਿੱਲੀ ਦੇ ਸੁਭਾਸ਼ ਨਗਰ ਸਥਿਤ ਸ੍ਰੀ ਗੁਰੂ ਸਿੰਘ ਸਭਾ ਨਾਲ ਸਬੰਧਤ ਮਾਮਲਾ ਵੀ ਵਿਚਾਰਿਆ ਗਿਆ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਗੁਰਦੁਆਰਾ ਪ੍ਰਬੰਧ ਨੂੰ ਵਾਰ-ਵਾਰ ਆਦੇਸ਼ ਜਾਰੀ ਕੀਤੇ ਗਏ ਹਨ, ਪਰ ਉਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੂੰ ਮੁੜ ਤਾੜਨਾ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਅਗਲੀ ਇਕੱਤਰਤਾ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਹਾਰਾਸ਼ਟਰ ਦੇ ਠਾਣੇ, ਮੀਰਾ ਰੋਡ ਸਥਿਤ ਸ੍ਰੀ ਗੁਰੂ ਨਾਨਕ ਦਰਬਾਰ, ਸੈਕਟਰ-6 ਸ਼ਾਂਤੀ ਨਗਰ ਨਾਲ ਸਬੰਧਤ ਮਾਮਲਾ ਵੀ ਵਿਚਾਰਿਆ ਗਿਆ। ਜਥੇਦਾਰ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਬੀਰ ਸਿੰਘ ਅਤੇ ਸਕੱਤਰ ਦੇਵਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। ਜੇਕਰ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰੈੱਸ ਕਾਨਫ਼ਰੰਸ ਦੌਰਾਨ ਜਦੋਂ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿੱਚ ਵਿਵੇਕ ਸ਼ਾਹ ਨਾਮ ਦੇ ਵਿਅਕਤੀ ਦੇ ਜਾਣ ਅਤੇ ਉੱਥੇ ਸੰਗਤ ਵੱਲੋਂ ਉਸ ਨੂੰ ਮੱਥਾ ਟੇਕਣ ਸਬੰਧੀ ਸਵਾਲ ਕੀਤਾ ਗਿਆ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਸਬੰਧੀ ਲਿਖਤੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਵਿੱਚ ਸਿੱਖ ਰਹਿਤ ਮਰਿਆਦਾ ਤੋਂ ਬਾਹਰ ਕੋਈ ਕੰਮ ਹੋਇਆ ਹੈ ਤਾਂ ਸਬੰਧਤ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮਲਕੀਤ ਸਿੰਘ ਸਬੰਧੀ ਬੀਬੀ ਵੱਲੋਂ ਪਹਿਲਾਂ ਜਥੇਦਾਰ ਨੂੰ ਸ਼ਿਕਾਇਤ ਦੇਣ ਦੇ ਦਾਅਵੇ ’ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬੀਬੀ ਉਨ੍ਹਾਂ ਨੂੰ ਮਿਲੀ ਸੀ ਅਤੇ ਮਲਕੀਤ ਸਿੰਘ ਸਬੰਧੀ ਜ਼ਬਾਨੀ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬੀਬੀ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਸੀ, ਪਰ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ। ਹਾਲਾਂਕਿ ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਕਮੇਟੀ ਨੂੰ ਮਲਕੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਾਸੇ ਕਰਨ ਲਈ ਕਿਹਾ ਸੀ। ਇਸ ਦੌਰਾਨ ਜਦੋਂ ਇਹ ਦਾਅਵਾ ਕੀਤਾ ਗਿਆ ਕਿ ਜਥੇਦਾਰ ਅਤੇ ਹੋਰ ਸਿੰਘ ਸਾਹਿਬਾਨ ਵੱਲੋਂ ਮਲਕੀਤ ਸਿੰਘ ਨੂੰ ਆਪਣਾ ਅਹੁਦਾ ਛੱਡਣ ਲਈ ਕਿਹਾ ਗਿਆ ਸੀ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਨੂੰ ਸਪੱਸ਼ਟ ਤੌਰ ’ਤੇ ਝੂਠ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਮਲਕੀਤ ਸਿੰਘ ਨਾਲ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ। ਜਥੇਦਾਰ ਨੇ ਕਿਹਾ ਕਿ ਪੁਲਿਸ ਜਾਂਚ ਚੱਲ ਰਹੇ ਮਾਮਲਿਆਂ ਵਿੱਚ ਆਮ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਧਾ ਦਖ਼ਲ ਨਹੀਂ ਦਿੱਤਾ ਜਾਂਦਾ, ਪਰ ਅਨੰਦਪੁਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਹੋਣ ਕਰਕੇ ਅਤੇ ਮਾਮਲੇ ਵਿੱਚ ਗੰਭੀਰ ਦੋਸ਼ ਲੱਗਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੂਓ ਮੋਟੋ ਲੈਂਦਿਆਂ ਮਾਮਲੇ ਨੂੰ ਵਿਚਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਬੇਇਨਸਾਫ਼ੀ ਨਹੀਂ ਹੋਣੀ ਚਾਹੀਦੀ ਅਤੇ ਮਾਮਲੇ ਦੀ ਨਿਰਪੱਖ ਪੜਤਾਲ ਹੋਣੀ ਜ਼ਰੂਰੀ ਹੈ। ਪੰਜ ਪਿਆਰਿਆਂ ਵਿੱਚੋਂ ਕੁਝ ਸਿੰਘਾਂ ਵੱਲੋਂ ਕਥਿਤ ਤੌਰ ’ਤੇ ਬੀਬੀ ਨਾਲ ਸਮਝੌਤੇ ਲਈ ਜਾਣ ਦੇ ਸਵਾਲ ’ਤੇ ਜਥੇਦਾਰ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਚੱਲ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਇਸ ਸਬੰਧੀ ਕਿਸੇ ਕੋਲ ਜਾਣਕਾਰੀ ਜਾਂ ਨਾਮ ਹਨ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਥਾਈਲੈਂਡ ਵਿੱਚ ਇੱਕ ਸਿੱਖ ਬਜ਼ੁਰਗ ਨਾਲ ਹੋਏ ਹਮਲੇ ਅਤੇ ਉਸ ਦੀ ਪੱਗ ਉਤਾਰੇ ਜਾਣ ਦੀ ਘਟਨਾ ਬਾਰੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਜਿਹੀ ਘਟਨਾ ਗਲਤ ਹੈ ਅਤੇ ਦੇਸ਼-ਵਿਦੇਸ਼ ਵਿੱਚ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਸਬੰਧਤ ਸਰਕਾਰ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਪੁਲਿਸ ਜਾਂਚ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਪੜਤਾਲ ਕਰਵਾਉਣਾ ਵੀ ਜ਼ਰੂਰੀ ਹੈ। ਸਰਕਾਰ ਵੱਲੋਂ ਬਣਾਈ ਗਈ 7 ਮੈਂਬਰੀ ਤਾਲਮੇਲ ਕਮੇਟੀ ਬਾਰੇ ਉਨ੍ਹਾਂ ਕਿਹਾ ਕਿ ਇਹ ਕਦਮ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ, ਪਰ ਹੁਣ ਕਮੇਟੀ ਬਣ ਗਈ ਹੈ ਤਾਂ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਨਾਲ ਤਾਲਮੇਲ ਕਰਕੇ ਮਾਮਲੇ ’ਤੇ ਵਿਚਾਰ ਕਰਨਾ ਚਾਹੀਦਾ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਸੰਸਥਾਵਾਂ ਵਿੱਚ ਜ਼ਿੰਮੇਵਾਰੀ ਵਾਲੇ ਅਹੁਦਿਆਂ ’ਤੇ ਬੈਠੇ ਕਿਸੇ ਵੀ ਵਿਅਕਤੀ ਵੱਲੋਂ ਬਦਇਖ਼ਲਾਕੀ ਜਾਂ ਗਲਤ ਵਿਹਾਰ ਦੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਮਾਮਲੇ ਦੀ ਪੜਤਾਲ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਨੇ ਪੂਰੇ ਮਾਮਲੇ ਵਿੱਚ ਨਿਰਪੱਖ ਜਾਂਚ ’ਤੇ ਜ਼ੋਰ ਦਿੱਤਾ।