ਪੰਜਾਬ ਮਜੀਠਾ ਵਾਸੀ ਨੌਜਵਾਨ ਦੀ ਵਿਦੇਸ਼ ’ਚ ਮੌਤ/ ਕੁਵੈਤ ’ਚ ਅੱਗ ਹਾਦਸੇ ਦੌਰਾਨ ਗਈ ਜਾਨ/ ਮ੍ਰਿਤਕ ਦੇਹ ਵਾਪਸ ਲਿਆਉਣ ’ਚ ਮਦਦ ਦੀ ਅਪੀਲ By admin - August 19, 2026 0 1 Facebook Twitter Pinterest WhatsApp ਰੋਜ਼ੀ ਰੋਟੀ ਦੀ ਭਾਲ ਵਿਚ ਵਿਦੇਸ਼ ਗਏ ਪੰਜਾਬੀਆਂ ਨਾਲ ਅਣਹੋਣੀਆਂ ਵਾਪਰਨ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਪੰਧੇਰ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ 35 ਸਾਲਾ ਨੌਜਵਾਨ ਜਗਤਾਰ ਸਿੰਘ ਦੀ ਕੁਵੈਤ ਵਿਖੇ ਵਾਪਰੇ ਭਿਆਨਕ ਅਗਨੀ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਗਤਾਰ ਸਿੰਘ ਨੇ ਇਮਾਰਤ ਵਿਚ ਅੱਗ ਲੱਗਣ ਤੋਂ ਬਾਅਦ ਆਪਣੇ ਸਾਥੀਆਂ ਨੂੰ ਬਾਹਰ ਨਿਕਲਣ ਵਿਚ ਮਦਦ ਕੀਤੀ ਪਰ ਖੁਦ ਅੱਗ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਮ੍ਰਿਤਕ ਦੇਹ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਜਗਤਾਰ ਸਿੰਘ ਪਿਛਲੇ ਲਗਭਗ ਪੰਜ ਸਾਲਾਂ ਤੋਂ ਰੋਜ਼ੀ-ਰੋਟੀ ਕਮਾਉਣ ਦੇ ਮਕਸਦ ਨਾਲ ਕੁਵੈਤ ਗਿਆ ਹੋਇਆ ਸੀ। ਉਹ ਆਪਣੇ ਘਰ ਦੇ ਕਮਜ਼ੋਰ ਆਰਥਿਕ ਹਾਲਾਤ ਨੂੰ ਸੁਧਾਰਨ ਅਤੇ ਆਪਣੇ ਦੋ ਮਾਸੂਮ ਬੱਚਿਆਂ ਦੇ ਉੱਜਵਲ ਭਵਿੱਖ ਲਈ ਵਿਦੇਸ਼ ਵਿੱਚ ਦਿਨ-ਰਾਤ ਖ਼ੂਨ-ਪਸੀਨਾ ਵਹਾ ਰਿਹਾ ਸੀ ਅਤੇ ਪਰਿਵਾਰ ਦਾ ਇਕੱਲਾ ਕਮਾਊ ਜੀਅ ਸੀ ਪਰ ਉਸ ਦੇ ਅਚਾਨਕ ਚਲਾਣੇ ਨਾਲ ਪਰਿਵਾਰ ਦਾ ਆਰਥਿਕ ਸਹਾਰਾ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਬਹੁਤ ਜਲਦ ਛੁੱਟੀ ਲੈ ਕੇ ਵਤਨ ਪਰਤਣਾ ਸੀ ਅਤੇ ਪਰਿਵਾਰ ਬੜੀ ਬੇਸਬਰੀ ਨਾਲ ਉਸ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਉਸ ਦੇ ਆਉਣ ਤੋਂ ਪਹਿਲਾਂ ਉਸ ਦੀ ਮੌਤ ਦੀ ਦੁਖਦਾਈ ਖ਼ਬਰ ਨੇ ਸਾਰਿਆਂ ਨੂੰ ਝੰਝੋੜ ਕੇ ਰੱਖ ਦਿੱਤਾ। ਗ਼ਰੀਬ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸਰਕਾਰੀ ਪੱਧਰ ‘ਤੇ ਦਖ਼ਲ ਦੇ ਕੇ ਜਗਤਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਕੁਵੈਤ ਤੋਂ ਪੰਜਾਬ ਲਿਆਂਦਾ ਜਾਵੇ। ਪਰਿਵਾਰ ਨੇ ਕਿਹਾ ਕਿ ਵਿਦੇਸ਼ ਤੋਂ ਮ੍ਰਿਤਕ ਦੇਹ ਲਿਆਉਣ ਦਾ ਖ਼ਰਚਾ ਚੁੱਕਣ ਦੇ ਉਹ ਸਮਰੱਥ ਨਹੀਂ ਹਨ, ਇਸ ਲਈ ਸਰਕਾਰ ਮਨੁੱਖਤਾ ਦੇ ਆਧਾਰ ‘ਤੇ ਤੁਰੰਤ ਕਦਮ ਚੁੱਕੇ ਤਾਂ ਜੋ ਪਰਿਵਾਰ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰ ਸਕੇ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸਨ ਅਤੇ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ।