ਪੰਜਾਬ ਧੂਰੀ ਦੇ ਪਿੰਡ ਜਹਾਂਗੀਰ ਸਥਿਤ ਐਥਨਾਲ ਫੈਕਟਰੀ ਦਾ ਮਾਮਲਾ/ ਪਿੰਡ ਵਾਸੀਆਂ ਨੇ ਫੈਕਟਰੀ ਖਿਲਾਫ ਕੀਤੀ ਸ਼ਿਕਾਇਤ/ ਪ੍ਰਸ਼ਾਸਨ ਨੇ ਭਰੇ ਹਵਾਂ, ਪਾਣੀ ਤੇ ਮਿੱਟੀ ਦੇ ਸੈਂਪਲ By admin - August 19, 2026 0 3 Facebook Twitter Pinterest WhatsApp ਸੰਗਰੂਰ ਦੇ ਧੂਰੀ ਦੇ ਪਿੰਡ ਜਹਾਂਗੀਰ ਵਿੱਚ ਸਥਿਤ ਐਥਨਾਲ ਫੈਕਟਰੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਦੇ ਵਿਚਕਾਰ ਹੁਣ ਪ੍ਰਸ਼ਾਸਨ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਸ-ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਫੈਕਟਰੀ ’ਤੇ ਪਾਣੀ ਪ੍ਰਦੂਸ਼ਿਤ ਕਰਨ ਦੇ ਇਲਜ਼ਾਮ ਲਗਾਉਂਦਿਆਂ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਸਰਪੰਚਾਂ ਨੂੰ ਨਾਲ ਲੈ ਕੇ ਫੈਕਟਰੀ ਪਹੁੰਚੀ ਅਤੇ ਹਵਾ, ਪਾਣੀ ਤੇ ਮਿੱਟੀ ਦੇ ਸੈਂਪਲ ਲਏ ਗਏ ਹਨ। ਅਧਿਕਾਰੀਆਂ ਨੇ ਸੈਂਪਲਾਂ ਦੀ ਜਾਂਚ ਮੁਤਾਬਕ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਦਰਅਸਲ, ਜਹਾਂਗੀਰ ਪਿੰਡ ਵਿੱਚ ਲੱਗੀ ਐਥਨਾਲ ਫੈਕਟਰੀ ਨੂੰ ਲੈ ਕੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਲੋਕਾਂ ਦਾ ਇਲਜ਼ਾਮ ਸੀ ਕਿ ਫੈਕਟਰੀ ਵੱਲੋਂ ਗੰਦਾ ਜਾਂ ਕੈਮੀਕਲ ਵਾਲਾ ਪਾਣੀ ਧਰਤੀ ਹੇਠਾਂ ਪਾਇਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਪਾਣੀ ’ਤੇ ਅਸਰ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪ੍ਰਸ਼ਾਸਨ ਕੋਲ ਸ਼ਿਕਾਇਤ ਕਰਕੇ ਫੈਕਟਰੀ ਦੀ ਜਾਂਚ ਦੀ ਮੰਗ ਕੀਤੀ ਗਈ। ਸ਼ਿਕਾਇਤ ਦੇ ਆਧਾਰ ’ਤੇ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈ ਕੇ ਫੈਕਟਰੀ ਵਿੱਚ ਪਹੁੰਚੇ। ਮੌਕੇ ’ਤੇ ਫੈਕਟਰੀ ਦੇ ਵੱਖ-ਵੱਖ ਹਿੱਸਿਆਂ ਦੀ ਜਾਂਚ ਕੀਤੀ ਗਈ ਅਤੇ ਹਵਾ, ਪਾਣੀ ਤੇ ਮਿੱਟੀ ਦੇ ਸੈਂਪਲ ਲਏ ਗਏ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰੋਹਿਤ ਸਿੰਘਲਾ ਮੁਤਾਬਕ, ਐਸਡੀਐਮ ਧੂਰੀ ਵੱਲੋਂ ਮਿਲੀ ਦਰਖਾਸਤ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਾਲਾ ਬੋਲਾ ਪਿੰਡ ਵਿੱਚ ਧਰਤੀ ਹੇਠੋਂ ਕਾਲੇ ਰੰਗ ਦਾ ਪਾਣੀ ਨਿਕਲਣ ਦੀ ਵੀਡੀਓ ਸਾਹਮਣੇ ਆਈ ਸੀ। ਉੱਥੇ ਹੀ ਫੈਕਟਰੀ ਦਾ ਜਾਇਜ਼ਾ ਲੈਣ ਵਾਲੇ ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਫੈਕਟਰੀ ਵਿੱਚ ਦੋ ਬੋਰਵੈਲ ਮੌਜੂਦ ਹਨ, ਜਿਨ੍ਹਾਂ ਰਾਹੀਂ ਪਾਣੀ ਕੱਢ ਕੇ ਫੈਕਟਰੀ ਵਿੱਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਪਾਣੀ ਦਾ ਲੈਵਲ ਚੈੱਕ ਕਰਨ ਲਈ ਵੀ ਇੱਕ ਬੋਰ ਰੱਖਿਆ ਗਿਆ ਹੈ। ਸਰਪੰਚਾਂ ਮੁਤਾਬਕ ਮੌਕੇ ’ਤੇ ਜੋ ਕੁਝ ਦੇਖਿਆ ਗਿਆ ਉਸ ਵਿੱਚ ਫੈਕਟਰੀ ਦਾ ਵੇਸਟ ਪਾਣੀ ਟਰੀਟਮੈਂਟ ਪਲਾਂਟ ਰਾਹੀਂ ਟਰੀਟ ਕਰ ਕੇ ਮੁੜ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਸੀ। ਫਿਲਹਾਲ ਮੌਕੇ ’ਤੇ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਫੈਕਟਰੀ ਵੱਲੋਂ ਗੰਦਾ ਪਾਣੀ ਧਰਤੀ ਹੇਠਾਂ ਪਾਇਆ ਜਾ ਰਿਹਾ ਹੈ। ਹਾਲਾਂਕਿ ਅੰਤਿਮ ਤਸਵੀਰ ਹੁਣ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ ਹੋਵੇਗੀ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਮੁਤਾਬਕ ਹਵਾ, ਪਾਣੀ ਅਤੇ ਮਿੱਟੀ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਕਰੀਬ ਇੱਕ ਮਹੀਨੇ ਵਿੱਚ ਆਉਣ ਦੀ ਉਮੀਦ ਹੈ। ਦੂਜੇ ਪਾਸੇ, ਫੈਕਟਰੀ ਦੇ ਮੈਨੇਜਿੰਗ ਡਾਇਰੈਕਟਰ ਪੁਸ਼ਪਿੰਦਰ ਸਿੰਘ ਵੱਲੋਂ ਪਹਿਲਾਂ ਹੀ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਫੈਕਟਰੀ ਕਾਰਨ ਪਾਣੀ ਗੰਧਲਾ ਹੁੰਦਾ ਹੈ ਜਾਂ ਗੰਦਾ ਤੇ ਕੈਮੀਕਲ ਵਾਲਾ ਪਾਣੀ ਧਰਤੀ ਹੇਠਾਂ ਪਾਇਆ ਜਾਂਦਾ ਹੈ ਤਾਂ ਉਹ ਖੁਦ ਫੈਕਟਰੀ ਬੰਦ ਕਰਨ ਲਈ ਤਿਆਰ ਹਨ। ਉਨ੍ਹਾਂ ਮੁਤਾਬਕ ਮੱਕੀ ਅਤੇ ਚੌਲਾਂ ਤੋਂ ਐਥਨਾਲ ਤਿਆਰ ਕਰਨ ਦੀ ਪ੍ਰਕਿਰਿਆ ਦੌਰਾਨ ਨਿਕਲਣ ਵਾਲੇ ਵੇਸਟ ਪਾਣੀ ਨੂੰ ਫੈਕਟਰੀ ਵਿੱਚ ਲੱਗੇ ਵਾਟਰ ਟ੍ਰੀਟਮੈਂਟ ਪਲਾਂਟ ਰਾਹੀਂ ਟਰੀਟ ਕਰ ਕੇ ਮੁੜ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਅਤੇ ਇਸ ਨੂੰ ਨਾ ਤਾਂ ਧਰਤੀ ਹੇਠਾਂ ਪਾਇਆ ਜਾਂਦਾ ਹੈ ਅਤੇ ਨਾ ਹੀ ਬਾਹਰ ਛੱਡਿਆ ਜਾਂਦਾ ਹੈ। ਹੁਣ ਸਾਰੀਆਂ ਨਜ਼ਰਾਂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਏ ਗਏ ਸੈਂਪਲਾਂ ਦੀ ਰਿਪੋਰਟ ’ਤੇ ਟਿਕੀਆਂ ਹਨ। ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਾਫ ਹੋਵੇਗਾ ਕਿ ਫੈਕਟਰੀ ’ਤੇ ਲੱਗੇ ਪ੍ਰਦੂਸ਼ਣ ਦੇ ਇਲਜ਼ਾਮਾਂ ਵਿੱਚ ਕਿੰਨੀ ਸੱਚਾਈ ਹੈ।