ਪੰਜਾਬ ਕਬੱਡੀ ਜਗਤ ਨੂੰ ਲੱਗਿਆ ਵੱਡਾ ਸਦਮਾ/ ਨਾਮਵਰ ਜਾਫੀ ਰੂਪਿੰਦਰ ਗੋਰਾ ਸਮਾਲਸਰ ਦਾ ਦੇਹਾਂਤ/ ਬਿਮਾਰੀ ਦੇ ਚਲਦਿਆਂ 40 ਸਾਲ ਉਮਰ ਲਿਆ ਆਖਰੀ ਸਾਹ By admin - August 19, 2026 0 1 Facebook Twitter Pinterest WhatsApp ਕਬੱਡੀ ਖੇਡ ਜਗਤ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਆਪਣੇ ਸਮੇਂ ਦੇ ਨਾਮਵਰ ਕਬੱਡੀ ਖਿਡਾਰੀ ਅਤੇ ਸ਼ਾਨਦਾਰ ਜਾਫੀ ਰੂਪਿੰਦਰ ਸਿੰਘ ‘ਗੋਰਾ ਸਮਾਲਸਰ’ ਦਾ 40 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਸਮਾਲਸਰ ਸਮੇਤ ਕਬੱਡੀ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਕਾਲੇ ਪੀਲੀਏ ਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਰੁਪਿੰਦਰ ਗੋਰਾ 11 ਦਿਨਾਂ ਤੋਂ ਲੁਧਿਆਣਾ ਦੇ ਡੀਐਮਸੀ ਵਿਖੇ ਦਾਖਲ ਸੀ, ਜਿੱਥੇ ਉਸ ਨੇ ਆਖਰੀ ਸਾਹ ਲਿਆ। ਖੇਡ ਪ੍ਰੇਮੀਆਂ, ਖਿਡਾਰੀਆਂ ਅਤੇ ਵੱਖ-ਵੱਖ ਕਬੱਡੀ ਕਲੱਬਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਰੂਪਿੰਦਰ ਗੋਰਾ ਨੇ ਆਪਣੇ ਕਬੱਡੀ ਕਰੀਅਰ ਦੌਰਾਨ ਮੁਕਤਸਰ, ਫਰੀਦਕੋਟ ਕਬੱਡੀ ਕਲੱਬ, ਫਿਰੋਜ਼ਪੁਰ ਕਬੱਡੀ ਕਲੱਬ, ਬਾਜਾਖਾਨਾ ਅਤੇ ਸ਼ਿਕਾਰਪੁਰੀ ਕਲੱਬ ਸਮੇਤ ਕਈ ਨਾਮਵਰ ਟੀਮਾਂ ਵੱਲੋਂ ਖੇਡਦਿਆਂ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੰਜਾਬ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਹੋਏ ਕਬੱਡੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਆਪਣੀ ਜਾਫੀ ਦੇ ਦਮ ’ਤੇ ਵੱਖਰੀ ਪਛਾਣ ਬਣਾਈ। ਉਹ ਕਈ ਕਬੱਡੀ ਟੂਰਨਾਮੈਂਟਾਂ ਅਤੇ ਖੇਡ ਮੇਲਿਆਂ ਵਿੱਚ ‘ਬੈਸਟ ਜਾਫੀ’ ਦਾ ਖਿਤਾਬ ਵੀ ਆਪਣੇ ਨਾਮ ਕਰ ਚੁੱਕੇ ਸਨ। ਮੈਦਾਨ ਵਿੱਚ ਉਨ੍ਹਾਂ ਦੀ ਫੁਰਤੀ, ਮਜ਼ਬੂਤ ਪਕੜ ਅਤੇ ਖੇਡ ਪ੍ਰਤੀ ਜਜ਼ਬੇ ਨੇ ਉਨ੍ਹਾਂ ਨੂੰ ਕਬੱਡੀ ਪ੍ਰੇਮੀਆਂ ਵਿੱਚ ਖਾਸ ਪਛਾਣ ਦਿਵਾਈ। ਸਾਲ 2015 ਵਿੱਚ ਕੁਝ ਘਰੇਲੂ ਮਜਬੂਰੀਆਂ ਕਾਰਨ ਉਹ ਕੁਝ ਸਮੇਂ ਲਈ ਕਬੱਡੀ ਦੇ ਮੈਦਾਨ ਤੋਂ ਦੂਰ ਹੋ ਗਏ ਸਨ। ਇਸ ਤੋਂ ਬਾਅਦ ਸਿਹਤ ਸਬੰਧੀ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਨੇ ਸਾਲ 2018 ਵਿੱਚ ਮੁੜ ਕਬੱਡੀ ਦੇ ਮੈਦਾਨ ਵਿੱਚ ਵਾਪਸੀ ਕੀਤੀ। ਉਨ੍ਹਾਂ ਨੇ ਆਪਣੇ ਪਿੰਡ ਸਮਾਲਸਰ ਦੀ ਟੀਮ ਤੋਂ ਇਲਾਵਾ ਲੰਡੇ ਅਤੇ ਰੋਡੇ ਦੀਆਂ ਟੀਮਾਂ ਵੱਲੋਂ ਵੀ ਕਬੱਡੀ ਖੇਡੀ। ਪਰਿਵਾਰਕ ਮੈਂਬਰਾਂ ਅਨੁਸਾਰ ਰੂਪਿੰਦਰ ਗੋਰਾ ਦੀ ਦਿਲੀ ਇੱਛਾ ਸੀ ਕਿ ਉਹ ਆਪਣੀ ਤਿੰਨ ਸਾਲਾ ਧੀ ਨੂੰ ਵੀ ਕਬੱਡੀ ਖੇਡ ਨਾਲ ਜੋੜਨ। ਉਨ੍ਹਾਂ ਦੀ ਇਹ ਇੱਛਾ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਰੂਪਿੰਦਰ ਗੋਰਾ ਆਪਣੇ ਪਿੱਛੇ ਦਾਦਾ, ਮਾਤਾ-ਪਿਤਾ, ਇੱਕ ਭਰਾ, ਪਤਨੀ ਅਤੇ ਤਿੰਨ ਸਾਲਾ ਧੀ ਨੂੰ ਛੱਡ ਗਏ ਹਨ। ਕਬੱਡੀ ਦੇ ਮੈਦਾਨ ਵਿੱਚ ਉਨ੍ਹਾਂ ਵੱਲੋਂ ਦਿੱਤਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਦੇਹਾਂਤ ਨਾਲ ਕਬੱਡੀ ਜਗਤ ਨੇ ਇੱਕ ਮਿਹਨਤੀ, ਪ੍ਰਤਿਭਾਸ਼ਾਲੀ ਅਤੇ ਖੇਡ ਪ੍ਰਤੀ ਸਮਰਪਿਤ ਖਿਡਾਰੀ ਗੁਆ ਦਿੱਤਾ ਹੈ।