ਪੰਜਾਬ ਹੁਸ਼ਿਆਰਪੁਰ ਦੇ ਪਿੰਡਾਂ ’ਚ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ/ ਪਿੰਡ ਬੱਲੋਆਣ ਦੇ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ/ ਦੋ ਦਿਨ ਬਿਜਲੀ ਠੱਪ ਰਹਿਣ ਖਿਲਾਫ ਕੀਤੀ ਨਾਅਰੇਬਾਜ਼ੀ By admin - July 27, 2026 0 1 Facebook Twitter Pinterest WhatsApp ਹੁਸ਼ਿਆਰਪੁਰ ਦੇ ਹਲਕਾ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਬੱਢੋਆਣ ਦੇ ਵਾਸੀ ਬਿਜਲੀ ਕੱਟਾਂ ਨੂੰ ਲੈ ਕੇ ਡਾਂਢੇ ਪ੍ਰੇਸ਼ਾਨ ਹਨ। ਪਿੰਡ ਵਿਚ ਕਰੀਬ ਦੋ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਅੱਜ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਪਿਆ। ਲੋਕਾਂ ਨੇ ਰੋਸ਼ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਇਕ ਪਾਸੇ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਲੋੜੀਂਦੀ ਬਿਜਲੀ ਸਪਲਾਈ ਦੇਣ ਤੋਂ ਭੱਜ ਰਹੀ ਹੈ। ਲੋਕਾਂ ਨੇ ਸਰਕਾਰ ਤੋਂ ਬਿਜਲੀ ਸਪਲਾਈ ਨਿਰੰਤਰ ਜਾਰੀ ਰੱਖਣ ਦੀ ਮੰਗ ਕੀਤੀ। ਧਰਨਾ ਨੂੰ ਸੰਬੋਧਨ ਕਰਦਿਆਂ ਕਾਮਰੇਡ ਬੱਢੋਆਣ ਨੇ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਨੂੰ 1000 ਤੋਂ 1500 ਰੁਪਏ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਪਿੰਡਾਂ ਦੇ ਲੋਕ ਲੰਬੇ-ਲੰਬੇ ਬਿਜਲੀ ਕੱਟਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਅਤੇ ਲਾਈਨਮੈਨਾਂ ਦੀ ਹੜਤਾਲ ਕਾਰਨ ਬਿਜਲੀ ਸਪਲਾਈ ਨਾਲ ਸਬੰਧਤ ਛੋਟੀਆਂ-ਵੱਡੀਆਂ ਖ਼ਰਾਬੀਆਂ ਨੂੰ ਠੀਕ ਕਰਨ ਵਿੱਚ ਵੀ ਲੰਮਾ ਸਮਾਂ ਲੱਗ ਰਿਹਾ ਹੈ। ਪਿੰਡ ਵਿੱਚ ਟਰਾਂਸਫਾਰਮਰ ਜਾਂ ਬਿਜਲੀ ਦਾ ਹੋਰ ਸਾਮਾਨ ਸੜ ਜਾਣ ਜਾਂ ਓਵਰਲੋਡ ਹੋਣ ਦੀ ਸੂਰਤ ਵਿੱਚ ਉਸ ਦੀ ਮੁਰੰਮਤ ਲਈ ਇੱਕ-ਦੋ ਦਿਨ ਤੱਕ ਕੋਈ ਮੁਲਾਜ਼ਮ ਨਾ ਪਹੁੰਚਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਖ਼ਰਾਬੀਆਂ ਨੂੰ ਤੁਰੰਤ ਦੂਰ ਕਰਨ ਲਈ ਲੋੜੀਂਦੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਾਮਰੇਡ ਮਹਿੰਦਰ ਕੁਮਾਰ ਬੱਡੋਆਣ, ਨੀਲਮ ਕੁਮਾਰੀ ਬੱਡੋਆਣ, ਗਿਆਨ ਚੰਦ, ਚਰਨਦਾਸ, ਸੁਖਮੀਤ ਸਿੰਘ, ਰਘਵੀਰ ਸਿੰਘ, ਲਵਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਰਾਮ, ਸਤਨਾਮ ਸਿੰਘ, ਹਰਮੇਸ਼ ਲਾਲ, ਸਤਿਆ ਦੇਵੀ, ਗੁਰਬਖਸ਼ ਕੌਰ, ਬਲਵਿੰਦਰ ਕੌਰ, ਬਲਵੀਰ ਕੌਰ, ਮਮਤਾ, ਬਿੰਦੀਆ, ਕਿਰਨਾ, ਜਸਬੀਰ ਕੌਰ ਬਖਸ਼ੀਸ਼ ਸਿੰਘ ਤੇ ਹੋਰ ਪਿੰਡ ਵਾਸੀ ਮੌਜੂਦ ਸਨ।