ਪੰਜਾਬ ਅੰਮ੍ਰਿਤਸਰ ’ਚ ਭਾਜਪਾ ਦੀ ਨਸ਼ਾ ਮੁਕਤੀ ਯਾਤਰਾ/ ਨਸ਼ਾ ਤਸਕਰਾਂ ਖਿਲਾਫ ਸਿੱਧੀ ਕਾਰਵਾਈ ਦਾ ਵਾਅਦਾ/ ਪੰਜਾਬ ਨੂੰ ਉੱਡਦਾ ਨਹੀਂ ਰੰਗਲਾ ਪੰਜਾਬ ਬਣਾਏਗੀ ਭਾਜਪਾ By admin - September 26, 2026 0 1 Facebook Twitter Pinterest WhatsApp ਭਾਜਪਾ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਸੂਬੇ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਸੂਬਾ ਪੱਧਰੀ ਨਸ਼ਾ ਮੁਕਤੀ ਸੰਕਲਪ ਯਾਤਰਾ ਕੱਢੀ ਜਾ ਰਹੀ ਹੈ। ਇਸੇ ਤਹਿਤ ਅੰਮ੍ਰਿਤਸਰ ਵਿਖੇ ਨਸ਼ਾ ਮੁਕਤੀ ਯਾਤਰਾ ਕੱਢੀ ਗਈ, ਜਿਸ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ, ਸੀਨੀਅਰ ਆਗੂ ਰਵੀ ਕਰਨ ਸਿੰਘ ਕਾਹਲੋਂ ਅਤੇ ਪਾਰਟੀ ਦੇ ਹੋਰ ਪ੍ਰਮੁੱਖ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਆਗੂਆਂ ਨੇ ਕਿਹਾ ਕਿ ਭਾਜਪਾ ਦਾ ਮਕਸਦ ਪੰਜਾਬ ਨੂੰ ਉਡਦਾ ਪੰਜਾਬ ਨਹੀਂ ਬਲਕਿ ਰੰਗਲਾ ਪੰਜਾਬ ਬਣਾਉਣਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਸੂਬਾ ਪੱਧਰ ’ਤੇ ਇਹ ਵੱਡਾ ਸੰਕਲਪ ਲਿਆ ਗਿਆ ਹੈ। ਇਸ ਮੁਹਿੰਮ ਤਹਿਤ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਕਰੀਬ ਸਾਢੇ ਤਿੰਨ ਕਰੋੜ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਪਵਿੱਤਰ ਧਰਤੀ ਹੈ, ਪਰ ਪਿਛਲੇ ਕੁਝ ਦਹਾਕਿਆਂ ਦੌਰਾਨ ਨਸ਼ਿਆਂ ਕਾਰਨ ਇਸ ਧਰਤੀ ’ਤੇ ਇੱਕ ਡੂੰਘਾ ਦਾਗ ਲੱਗਿਆ ਹੈ। ਭਾਜਪਾ ਦਾ ਦ੍ਰਿੜ੍ਹ ਸੰਕਲਪ ਹੈ ਕਿ ਇਸ ਦਾਗ ਨੂੰ ਧੋ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਵੇ ਅਤੇ ਸੂਬੇ ਨੂੰ ਮੁੜ ਦੇਸ਼ ਦਾ ਖੁਸ਼ਹਾਲ ਅਤੇ ਤਰੱਕੀਸ਼ੀਲ ਸੂਬਾ ਬਣਾਇਆ ਜਾਵੇ। ਆਗੂਆਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਨਸ਼ਿਆਂ ਕਾਰਨ ਅੱਜ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਬੇਹੱਦ ਦੁਖੀ ਹਨ। ਜਿਨ੍ਹਾਂ ਨੌਜਵਾਨਾਂ ਨੇ ਖੇਡ ਮੈਦਾਨਾਂ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਤਮਗੇ ਜਿੱਤਣੇ ਸਨ ਜਾਂ ਫੌਜ ਅਤੇ ਪ੍ਰਸ਼ਾਸਨ ਵਿੱਚ ਵੱਡੇ ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨੀ ਸੀ, ਉਹ ਨਸ਼ਿਆਂ ਦੇ ਜਾਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਪਛਾਣ ਨੂੰ ਧੁੰਦਲਾ ਕਰਕੇ ਇਸ ਨੂੰ ‘ਉੱਡਦਾ ਪੰਜਾਬ’ ਦੀ ਛਵੀ ਦਿੱਤੀ, ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢ ਕੇ ਵਿਕਾਸ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ ਜਾਵੇ ਅਤੇ ਮੁੜ ਉਹੀ ਪੁਰਾਣਾ ‘ਰੰਗਲਾ ਪੰਜਾਬ’ ਸਥਾਪਿਤ ਕੀਤਾ ਜਾਵੇ। ਵਿਰੋਧੀ ਪਾਰਟੀਆਂ ਅਤੇ ਮੌਜੂਦਾ ਵਿਵਸਥਾ ’ਤੇ ਤਿੱਖਾ ਹਮਲਾ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਪਿਛਲੀਆਂ ਅਤੇ ਮੌਜੂਦਾ ਸਰਕਾਰਾਂ ਨੇ ਨਸ਼ਿਆਂ ਖ਼ਿਲਾਫ਼ ਲੜਾਈ ਦਾ ਸਿਰਫ਼ ਦਿਖਾਵਾ ਕੀਤਾ ਹੈ। ਨਸ਼ਿਆਂ ਦੇ ਆਦੀ ਨੌਜਵਾਨਾਂ ਅਤੇ ਪੀੜਤਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ, ਜਦਕਿ ਉਨ੍ਹਾਂ ਨੂੰ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ ਵਿੱਚ ਇਲਾਜ ਦੀ ਲੋੜ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੂਜੇ ਪਾਸੇ ਨਸ਼ਿਆਂ ਦੇ ਮੁੱਖ ਸੌਦਾਗਰ ਅਤੇ ਵੱਡੇ ‘ਮਗਰਮੱਛ’ ਖੁੱਲ੍ਹੇਆਮ ਘੁੰਮਦੇ ਰਹੇ। ਭਾਜਪਾ ਆਗੂਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ’ਤੇ ਪਾਰਟੀ ਕਿਸੇ ਵੀ ਤਸਕਰ ਨੂੰ ਬਖ਼ਸ਼ੇਗੀ ਨਹੀਂ। ਨਸ਼ਿਆਂ ਦੇ ਵੱਡੇ ਸਿੰਡੀਕੇਟਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਸਹੀ ਰਾਹ ’ਤੇ ਲਿਆਉਣ ਲਈ ਹਰ ਸੰਭਵ ਮਦਦ ਦਿੱਤੀ ਜਾਵੇਗੀ। ਯਾਤਰਾ ਦੇ ਤਜਰਬੇ ਸਾਂਝੇ ਕਰਦਿਆਂ ਆਗੂਆਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਜਦੋਂ ਇਹ ਯਾਤਰਾ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚੋਂ ਲੰਘੀ ਤਾਂ ਲੋਕਾਂ ਵੱਲੋਂ ਭਰਵਾਂ ਸਮਰਥਨ ਦੇਖਣ ਨੂੰ ਮਿਲਿਆ। ਥਾਂ-ਥਾਂ ਆਮ ਲੋਕਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਸੜਕਾਂ ’ਤੇ ਉਤਰ ਕੇ ਯਾਤਰਾ ਦਾ ਸਵਾਗਤ ਕੀਤਾ ਅਤੇ ਆਪਣਾ ਸਮਰਥਨ ਦਿੱਤਾ। ਆਗੂਆਂ ਅਨੁਸਾਰ ਲੋਕਾਂ ਦੇ ਭਾਰੀ ਉਤਸ਼ਾਹ ਕਾਰਨ ਉਨ੍ਹਾਂ ਦਾ ਕਾਫ਼ਲਾ ਕਈ ਘੰਟਿਆਂ ਦੀ ਦੇਰੀ ਨਾਲ ਅੱਗੇ ਵਧ ਸਕਿਆ। ਉਨ੍ਹਾਂ ਇਸ ਨੂੰ ਪੰਜਾਬ ਦੇ ਲੋਕਾਂ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਆਪਣੀ ਚਿੰਤਾ ਪ੍ਰਗਟ ਕਰਨ ਦਾ ਸੰਕੇਤ ਦੱਸਿਆ।