ਵਿਧਾਇਕਾ ਅਮਨਦੀਪ ਅਰੋੜਾ ਦਾ ਖਹਿਰਾ ’ਤੇ ਪਲਟਵਾਰ/ ਮਹਿਲਾਵਾਂ ਬਾਰੇ ਟਿੱਪਣੀ ਨੂੰ ਲੈ ਕੇ ਸਾਧਿਆ ਨਿਸ਼ਾਨਾ/ ਭਾਸ਼ਾ ਦੀ ਮਰਿਆਦਾ ਬਣਾਈ ਰੱਖਣ ਦੀ ਦਿੱਤੀ ਸਲਾਹ

0
2

 

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਦੀ ਸਟੇਟ ਆਬਜ਼ਰਵਰ ਗਾਇਤਰੀ ਬਿਸ਼ਨੋਈ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਖਹਿਰਾ ਨੂੰ ਤਿੱਖਾ ਜਵਾਬ ਦਿੰਦਿਆਂ ਮਹਿਲਾਵਾਂ ਦੇ ਸਨਮਾਨ ਅਤੇ ਮਰਿਆਦਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮਹਿਲਾ ਪ੍ਰਤੀ ਅਪਮਾਨਜਨਕ ਜਾਂ ਭੱਦੀ ਭਾਸ਼ਾ ਦੀ ਵਰਤੋਂ ਕਿਸੇ ਵੀ ਤਰ੍ਹਾਂ ਸਵੀਕਾਰਯੋਗ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸਿਆਸੀ ਵਿਚਾਰਾਂ ਵਿੱਚ ਵਖਰੇਵੇਂ ਹੋਣਾ ਲੋਕਤੰਤਰ ਦਾ ਹਿੱਸਾ ਹੈ, ਪਰ ਵਿਰੋਧ ਤੱਥਾਂ ਅਤੇ ਤਰਕ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ। ਕਿਸੇ ਮਹਿਲਾ ਦੀ ਨਿੱਜੀ ਮਰਿਆਦਾ ਨੂੰ ਨਿਸ਼ਾਨਾ ਬਣਾਉਣਾ ਸਹੀ ਰਾਜਨੀਤਕ ਵਿਹਾਰ ਨਹੀਂ ਹੈ।
ਡਾ. ਅਰੋੜਾ ਨੇ ਕਿਹਾ ਕਿ ਗਾਇਤਰੀ ਬਿਸ਼ਨੋਈ ਦੀ ਉਮਰ ਮਹਿਜ਼ 24 ਸਾਲ ਹੈ ਅਤੇ ਅਜਿਹੀ ਨੌਜਵਾਨ ਮਹਿਲਾ ਨੂੰ ਰਾਜਨੀਤੀ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਹਿਲਾਵਾਂ ਨੂੰ ਜਨਤਕ ਜੀਵਨ ਵਿੱਚ ਅੱਗੇ ਆਉਣ ਲਈ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਲਈ ਸਨਮਾਨਜਨਕ ਮਾਹੌਲ ਬਣਾਉਣਾ ਵੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਵਿਧਾਇਕਾ ਨੇ ਇਹ ਵੀ ਕਿਹਾ ਕਿ ਗਾਇਤਰੀ ਬਿਸ਼ਨੋਈ ਆਪਣੇ ਪਿਤਾ ਦੀ ਸਿਹਤ ਸਬੰਧੀ ਇਲਾਜ ਲਈ ਡਾ. ਬਲਬੀਰ ਸਿੰਘ ਦੇ ਸਰਕਾਰੀ ਨਿਵਾਸ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਹੋਣ ਦੀ ਗੱਲ ਕਹਿ ਚੁੱਕੀ ਹੈ।
ਇਸ ਸੰਦਰਭ ਵਿੱਚ ਨਿੱਜੀ ਟਿੱਪਣੀਆਂ ਕਰਨ ਦੀ ਬਜਾਏ ਮਾਮਲੇ ਨੂੰ ਤੱਥਾਂ ਦੇ ਆਧਾਰ ’ਤੇ ਦੇਖਿਆ ਜਾਣਾ ਚਾਹੀਦਾ ਹੈ। ਡਾ. ਅਰੋੜਾ ਨੇ ਕਿਹਾ ਕਿ ਮਹਿਲਾਵਾਂ ਦਾ ਸਨਮਾਨ ਕਿਸੇ ਇੱਕ ਪਾਰਟੀ ਦਾ ਨਹੀਂ, ਸਗੋਂ ਪੂਰੇ ਸਮਾਜ ਦਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਜਨਤਕ ਜੀਵਨ ਵਿੱਚ ਸ਼ਬਦਾਂ ਦੀ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ ਅਤੇ ਮਹਿਲਾ ਸਨਮਾਨ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ।

LEAVE A REPLY

Please enter your comment!
Please enter your name here