ਮੋਗਾ ਦੇ ਗੁਰਦੁਆਰਾ ਸਾਹਿਬ ’ਚ ਸ਼ੱਕੀ ਵਸਤੂ ਰੱਖਣ ਦੀ ਘਟਨਾ/ ਘਟਨਾ ਨੂੰ ਲੈ ਕੇ ਸੰਗਤਾਂ ਅੰਦਰ ਰੋਸ/ ਪ੍ਰਬੰਧਕਾਂ ਨੇ ਵਹਿਮਾਂ-ਭਰਮਾਂ ਤੋਂ ਬਚਣ ਦੀ ਅਪੀਲ

0
1

ਮੋਗਾ ਦੇ ਦੋਸਾਂਝ ਰੋਡ ਸਥਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਇਕ ਔਰਤ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਉਤੇ ਸ਼ੱਕੀ ਵਸਤੂ ਰੱਖਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਹੈ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ ਔਰਤ ਗੋਲਕ ਉਤੇ ਸ਼ੱਕੀ ਵਸਤੂ ਰੱਖਣ ਤੋਂ ਬਾਅਦ ਮੱਥਾ ਟੇਕਦੀ ਦਿਖਾਈ ਦੇ ਰਹੇ ਸਨ। ਘਟਨਾ ਨੂੰ ਟੂਣੇ-ਟੋਟਕੇ ਤੇ ਵਹਿਮ-ਭਰਮ ਵਜੋਂ ਵੇਖਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਇਕੱਤਰ ਹੋਏ ਪ੍ਰਬੰਧਕਾਂ ਤੇ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਅਜਿਹੇ ਕਰਮ-ਕਾਂਡਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਗੁਰਦੁਆਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿੱਖ ਧਰਮ ਕਿਸੇ ਵੀ ਤਰ੍ਹਾਂ ਦੇ ਅੰਧਵਿਸ਼ਵਾਸ, ਟੂਣੇ-ਟੋਟਕੇ ਅਤੇ ਵਹਿਮਾਂ-ਭਰਮਾਂ ਨੂੰ ਮਾਨਤਾ ਨਹੀਂ ਦਿੰਦਾ। ਗੁਰਬਾਣੀ ਮਨੁੱਖ ਨੂੰ ਕੇਵਲ ਅਕਾਲ ਪੁਰਖ ‘ਤੇ ਭਰੋਸਾ ਰੱਖਣ ਅਤੇ ਸੱਚ ਦੇ ਮਾਰਗ ‘ਤੇ ਚੱਲਣ ਦੀ ਸਿੱਖਿਆ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਘਟਨਾ ਨੂੰ ਬਿਨਾਂ ਪੂਰੀ ਜਾਣਕਾਰੀ ਦੇ ਅਫ਼ਵਾਹਾਂ ਦਾ ਰੂਪ ਨਹੀਂ ਦੇਣਾ ਚਾਹੀਦਾ ਅਤੇ ਨਾ ਹੀ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਡਰ ਜਾਂ ਭਰਮ ਵਿੱਚ ਪੈਣਾ ਚਾਹੀਦਾ ਹੈ।
ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਵੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਬਾਣੀ ਦੇ ਸਿਧਾਂਤਾਂ ਨੂੰ ਅਪਣਾਉਣ ਅਤੇ ਹਰ ਮਾਮਲੇ ਨੂੰ ਸਮਝਦਾਰੀ ਤੇ ਵਿਵੇਕ ਨਾਲ ਵੇਖਣ। ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ, ਪਰ ਗੁਰਦੁਆਰਾ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਸੰਗਤ ਨੂੰ ਵਹਿਮਾਂ ਅਤੇ ਅਫ਼ਵਾਹਾਂ ਤੋਂ ਦੂਰ ਰਹਿ ਕੇ ਸੱਚਾਈ ਅਤੇ ਧਾਰਮਿਕ ਸਿੱਖਿਆਵਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।

LEAVE A REPLY

Please enter your comment!
Please enter your name here