ਮਾਛੀਵਾੜਾ ’ਚ ਕੁੱਟਮਾਰ ਕਾਰਨ ਬਜ਼ੁਰਗ ਦੀ ਮੌਤ/ ਸਸਕਾਰ ਨਾ ਕਰਨ ਲਈ ਅੜਿਆ ਪਰਿਵਾਰ/ ਮੁਲਜ਼ਮਾਂ ਦੀ ਗ੍ਰਿਫਤਾਰ ਦੀ ਕੀਤੀ ਮੰਗ

0
1

ਮਾਛੀਵਾੜਾ ਨੇੜਲੇ ਥਾਣਾ ਕੂੰਮਕਲਾਂ ਦੇ ਪਿੰਡ ਬੌਂਕੜ ਗੁੱਜਰਾਂ ਵਿਖੇ ਬਜ਼ੁਰਗ ਦੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਪਰਿਵਾਰ ਨੇ ਬਜ਼ੁਰਗ ਦੀ ਕੁੱਟਮਾਰ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤਕ ਕੁੱਟਮਾਰ ਕਰਨ ਵਾਲਿਆਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ, ਸਸਕਾਰ ਨਹੀਂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਬਜ਼ੁਰਗ ਸੁਖਦੇਵ ਸਿੰਘ ਜ਼ਮੀਨੀ ਵਿਵਾਦ ਸੁਲਝਾਉਣ ਗਿਆ ਸੀ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।
ਮ੍ਰਿਤਕ ਬਜ਼ੁਰਗ ਦੇ ਪੋਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਦਾਦਾ ਸੁਖਦੇਵ ਸਿੰਘ ਪਿੰਡ ਵਿਚ ਦੋ ਧਿਰਾਂ ਵਿਚਕਾਰ ਚੱਲ ਰਹੇ ਜਮੀਨੀ ਵਿਵਾਦ ਨੂੰ ਸੁਲਝਾਉਣ ਲਈ ਫੈਸਲਾ ਕਰਵਾਉਣ ਗਿਆ ਸੀ। ਉੱਥੇ ਹੋਏ ਝਗੜੇ ਦੌਰਾਨ ਇੱਕ ਧਿਰ ਵਲੋਂ ਉਸਦੇ ਦਾਦੇ ਸੁਖਦੇਵ ਸਿੰਘ ਨੂੰ ਟ੍ਰੈਕਟਰ ਮਾਰ ਕੇ ਸੁੱਟ ਦਿੱਤਾ ਅਤੇ ਬਾਅਦ ਵਿਚ ਕਹੀਆਂ ਤੇ ਹੋਰ ਡੰਡਿਆਂ ਨਾਲ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਦਾਦੇ ਨੂੰ ਇਲਾਜ ਲਈ ਲੁਧਿਆਣਾ ਹਸਪਤਾਲ ਦਾਖਲ ਕਰਵਾਇਆ ਸੀ ਜਿੱਥੇ ਉਹ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੁਲਿਸ ਅਧਿਕਾਰੀਆਂ ਤੇ ਰਾਜਸ਼ੀ ਆਗੂਆਂ ਤੱਕ ਵੀ ਪਹੁੰਚ ਕੀਤੀ ਗਈ ਕਿ ਜਿਨ੍ਹਾਂ ਵਿਅਕਤੀਆਂ ਨੇ ਸੁਖਦੇਵ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਹੁਣ ਦਬਾਅ ਪਾਇਆ ਜਾ ਰਿਹਾ ਹੈ ਕਿ ਮ੍ਰਿਤਕ ਸੁਖਦੇਵ ਸਿੰਘ ਦਾ ਪੋਸਟ ਮਾਰਟਮ ਕਰਵਾਇਆ ਜਾਵੇ ਪਰ ਪਰਿਵਾਰਕ ਮੈਂਬਰਾਂ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਬਜ਼ੁਰਗ ਨੂੰ ਕਤਲ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ ਨਹੀਂ ਜਾਂਦੇ ਉਦੋਂ ਤੱਕ ਉਹ ਅੰਤਿਮ ਸਸਕਾਰ ਨਹੀਂ ਕਰਨਗੇ।
ਇਸ ਸਬੰਧੀ ਥਾਣਾ ਕੂੰਮਕਲਾਂ ਦੇ ਮੁਖੀ ਇੰਸਪੈਕਟਰ ਮਧੂ ਬਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 22 ਮਈ ਨੂੰ ਜਮੀਨੀ ਵਿਵਾਦ ਕਾਰਨ 2 ਧਿਰਾਂ ਵਿਚ ਝਗੜਾ ਹੋਇਆ ਜਿਸ ਸਬੰਧੀ ਪੁਲਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਮਾਮਲਾ ਦਰਜ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਇਸ ਮਾਮਲੇ ਵਿਚ ਸੁਖਦੇਵ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here