ਅਕਾਲੀ ਦਲ ਪੁਨਰ ਸੁਰਜੀਤ ਦਾ ਇਆਲੀ ’ਤੇ ਪਲਟਵਾਰ/ ਨਿੱਜੀ ਸਿਆਸੀ ਹਿੱਤਾਂ ਕਾਰਨ ਪਾਰਟੀ ਛੱਡਣ ਦੇ ਇਲਜ਼ਾਮ/ ਇਆਲੀ ਦੇ ਜਾਣ ਨਾਲ ਪਾਰਟੀ ਨੂੰ ਫਰਕ ਨਾ ਪੈਣ ਦਾ ਦਾਅਵਾ

0
1

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਦੇ ਪਾਰਟੀ ਛੱਡਣ ਨੂੰ ਲੈ ਕੇ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਕੋਟ ਦੇ ਦੱਸਣ ਮੁਤਾਬਕ ਮਨਪ੍ਰੀਤ ਸਿੰਘ ਇਆਲੀ ਲੰਮੇ ਸਮੇਂ ਤੋਂ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਵਿਚ ਲੱਗੇ ਹੋਏ ਸਨ, ਜਿਸ ਦੇ ਚਲਦਿਆਂ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿਣ ਦਾ ਰਸਤਾ ਚੁਣਿਆ ਹੈ।
ਮੀਰਾਕੋਟ ਨੇ ਅੱਗੇ ਕਿਹਾ ਕਿ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਪ੍ਰਧਾਨ ਬਣਾਇਆ ਗਿਆ ਸੀ, ਉਸੇ ਦਿਨ ਤੋਂ ਹੀ ਮਨਪ੍ਰੀਤ ਇਆਲੀ ਪਾਰਟੀ ਪ੍ਰਤੀ ਗੰਭੀਰ ਅਤੇ ਸੰਵੇਦਨਸ਼ੀਲ ਨਹੀਂ ਸਨ। ਉਹ ਸ਼ੁਰੂ ਤੋਂ ਹੀ ਨਿੱਜੀ ਹਉਮੈ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੇ ਹੁਣ ਇਹ ਕਦਮ ਚੁੱਕਿਆ ਹੈ। ਮੀਰਾਕੋਟ ਨੇ ਅਕਾਲੀ ਦਲ ਦੀ ਮਹੱਤਤਾ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਅਕਾਲੀ ਦਲ ਕੋਈ ਵਿਅਕਤੀਗਤ ਸੰਸਥਾ ਨਹੀਂ ਹੈ, ਬਲਕਿ ਇਹ ਸਮੁੱਚਾ ‘ਪੰਥ’ ਹੈ। ਪੰਥ ਕਿਸੇ ਦੀ ਨਿੱਜੀ ਜਾਗੀਰ ਨਹੀਂ ਹੋ ਸਕਦਾ, ਇਹ ਪਿੰਡਾਂ, ਸ਼ਹਿਰਾਂ, ਧਾਰਮਿਕ ਸੰਸਥਾਵਾਂ ਅਤੇ ਪੰਥ ਨੂੰ ਪ੍ਰਣਾਏ ਹੋਏ ਲੋਕਾਂ ਦੀ ਸੋਚ ਦਾ ਸੁਮੇਲ ਹੈ।
ਉਨ੍ਹਾਂ ਇਆਲੀ ‘ਤੇ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਦਾ ਦੋਸ਼ ਵੀ ਲਾਇਆ ਅਤੇ ਕਿਹਾ ਕਿ ਅਜਿਹੇ ਆਗੂਆਂ ਦੀ ਨਿੱਜੀ ਹਉਮੈ ਕਾਰਨ ਪਾਰਟੀ ਵਿੱਚ ਪਹਿਲਾਂ ਵੀ ਕਈ ਮੁਸ਼ਕਿਲਾਂ ਖੜ੍ਹੀਆਂ ਹੁੰਦੀਆਂ ਰਹੀਆਂ ਹਨ। ਉਨ੍ਹਾਂ ਜ਼ਿਕਰ ਕੀਤਾ ਕਿ ਉਪ-ਚੋਣਾਂ ਦੌਰਾਨ ਵੀ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਮੁਹਿੰਮਾਂ ਤੋਂ ਦੂਰੀ ਬਣਾਈ ਰੱਖੀ ਸੀ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਪਾਰਟੀ ਦੇ ਹਿੱਤਾਂ ਪ੍ਰਤੀ ਵਫ਼ਾਦਾਰ ਨਹੀਂ ਸਨ। ਮੀਰਾਕੋਟ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਉੱਚ-ਸਿੱਖਿਅਤ ਅਤੇ ਤਜ਼ਰਬੇਕਾਰ ਸ਼ਖਸੀਅਤ ਹਨ, ਜਿਨ੍ਹਾਂ ਨੂੰ ਰਾਜਨੀਤੀ ਦੀ ਡੂੰਘੀ ਸਮਝ ਹੈ, ਪਰ ਉਹ ਗੰਦੀ ਰਾਜਨੀਤੀ ਤੋਂ ਦੂਰ ਰਹਿੰਦੇ ਹਨ।
2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਗੱਲ ਕਰਦਿਆਂ ਮੀਰਾਕੋਟ ਨੇ ਭਰੋਸਾ ਜਤਾਇਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਵਿੱਚ ਮਜ਼ਬੂਤ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪੰਜਾਬ, ਪੰਜਾਬੀਅਤ ਅਤੇ ਸੂਬੇ ਦੇ ਵਿਕਾਸ ਲਈ ਹਮਖ਼ਿਆਲ ਪਾਰਟੀਆਂ ਨਾਲ ਗਠਜੋੜ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਹਨ। ਮੀਰਾਕੋਟ ਨੇ ਦਾਅਵਾ ਕੀਤਾ ਕਿ ਮਾਝਾ ਖੇਤਰ ਦੇ ਲੋਕ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਸਤਿਕਾਰ ਕਰਦੇ ਹਨ, ਜਿਸ ਸਦਕਾ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਵੱਡੀ ਜਿੱਤ ਦਰਜ ਕਰਨਗੇ।

LEAVE A REPLY

Please enter your comment!
Please enter your name here