ਸਮਰਾਲਾ ਡੀਐਸਪੀ ਦਫਤਰ ਅੱਗੇ ਪਰਿਵਾਰ ਦਾ ਹੰਗਾਮਾ/ ਇਨਸਾਫ ਨਾ ਮਿਲਣ ਤੇ ਔਰਤ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼/ ਡੀਐਸਪੀ ਵੱਲੋਂ ਕਾਰਵਾਈ ਦਾ ਭਰੋਸਾ

0
2

 

ਸਮਰਾਲਾ ਡੀਐਸਪੀ ਦਫਤਰ ਅੱਗੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਘਰ ਉਤੇ ਹਮਲੇ ਚ ਜ਼ਖਮੀ ਹੋਏ ਵਿਅਕਤੀ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਪਰਿਵਾਰ ਦੀ ਔਰਤ ਨੇ ਆਪਣੇ ਉਤੇ ਤੇਲ ਪਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਸਥਾਨਕ ਨਾਇਬ ਕੋਰਟ ਅਤੇ ਸੀਨੀਅਰ ਪੁਲਿਸ ਅਧਿਕਾਰੀ ਦੀ ਮਿਲੀਭੁਗਤ ਤੇ ਇਲਜਾਮ ਲਾਏ। ਪਿੰਡ ਗਗੜੇ ਨਾਲ ਸਬੰਧਤ ਪਰਿਵਾਰ ਦਾ ਇਲਜਾਮ ਸੀ ਕਿ ਉਹ ਇਕ ਮਹੀਨੇ ਤੋਂ ਇਨਸਾਫ ਮੰਗ ਰਹੇ ਨੇ ਪਰ ਕੋਈ ਕਾਰਵਾਈ ਨਹੀਂ ਹੋਈ। ਹੰਗਾਮੇ ਤੋਂ ਬਾਅਦ ਪਰਿਵਾਰ ਨੂੰ ਮਿਲਣ ਪਹੁੰਚੇ ਡੀਐਸਪੀ ਨੇ ਛੇਤੀ ਕਾਰਵਾਈ ਦਾ ਭਰੋਸਾ ਦਿੱਤਾ।
ਪਿੰਡ ਗਗੜੇ ਨਾਲ ਸਬੰਧਤ ਇਹ ਪੀੜਤ ਪਰਿਵਾਰ ਡੀਐਸਪੀ ਦਫ਼ਤਰ ਸਮਰਾਲਾ ਦੇ ਬਾਹਰ ਧਰਨਾ ਦੇ ਰਿਹਾ ਸੀ। ਇਸੇ ਦੌਰਾਨ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਪਰਿਵਾਰ ਦੀਆਂ ਔਰਤਾਂ ਅਤੇ ਹੋਰ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹੋ ਕੇ ਆਪਣੇ ਉੱਪਰ ਮਿੱਟੀ ਦਾ ਤੇਲ ਪਾ ਲਿਆ ਅਤੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਦਖ਼ਲ ਦਿੰਦਿਆਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ।
ਧਰਨੇ ਦੌਰਾਨ ਪੀੜਤ ਦਲਵੀਰ ਸਿੰਘ ਦੀ ਬਜ਼ੁਰਗ ਮਾਤਾ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਉਹ ਡੀਐਸਪੀ ਦਫ਼ਤਰ ਦੇ ਬਾਹਰ ਹੀ ਬੇਹੋਸ਼ ਹੋ ਕੇ ਡਿੱਗ ਪਈ। ਮਹਿਲਾ ਦੇ ਬੇਹੋਸ਼ ਹੋਣ ਨਾਲ ਮੌਕੇ ‘ਤੇ ਹੜਕੰਪ ਮਚ ਗਿਆ ਅਤੇ ਪਰਿਵਾਰਕ ਮੈਂਬਰ ਭਾਵੁਕ ਹੋ ਗਏ। ਕੁਝ ਸਮੇਂ ਲਈ ਧਰਨੇ ਵਾਲੀ ਥਾਂ ‘ਤੇ ਹਾਲਾਤ ਕਾਫ਼ੀ ਗੰਭੀਰ ਬਣੇ ਰਹੇ। ਹਾਲਾਂਕਿ ਪੁਲਿਸ ਵੱਲੋਂ ਬੇਹੋਸ਼ ਮਾਤਾ ਨੂੰ ਪਾਣੀ ਪਿਲਾਇਆ ਗਿਆ ਤੇ ਹਾਲਾਤ ਠੀਕ ਕਰਨ ਵਿੱਚ ਹਿੰਮਤ ਦਿਖਾਈ।
ਧਰਨੇ ‘ਤੇ ਬੈਠੇ ਦਲਵੀਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ, ਭਰਾ ਬਲਵਿੰਦਰ ਸਿੰਘ, ਭੈਣ ਜਸਵੀਰ ਕੌਰ ਅਤੇ ਬੇਟੀ ਜੈਸਮੀਨ ਕੌਰ ਨੇ ਦੱਸਿਆ ਕਿ ਬੀਤੀ 11 ਮਈ ਨੂੰ ਹੋਏ ਇੱਕ ਹਮਲੇ ਵਿੱਚ ਦਲਵੀਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਕ ਮਾਮੂਲੀ ਵਿਵਾਦ ਤੋਂ ਬਾਅਦ ਕੁਝ ਵਿਅਕਤੀਆਂ ਨੇ ਘਰ ਵਿੱਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਦਲਵੀਰ ਸਿੰਘ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ।
ਪਰਿਵਾਰਕ ਮੈਂਬਰਾਂ ਅਨੁਸਾਰ ਦਲਵੀਰ ਸਿੰਘ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਉਸ ਦੇ ਸਿਰ ਵਿੱਚ 32 ਟਾਂਕੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਘਟਨਾ ਨੂੰ ਕਰੀਬ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਪੀੜਤ ਪਰਿਵਾਰ ਵੱਲੋਂ ਸਮਰਾਲਾ ਕੋਟ ਵਿੱਚ ਲੱਗੇ ਨਾਇਬ ਕੋਰਟ ਕੁਲਦੀਪ ਸਿੰਘ ਅਤੇ ਗਗੜੇ ਪਿੰਡ ਤੋਂ ਸੰਬੰਧਿਤ ਸੀਨੀਅਰ ਪੁਲਿਸ ਅਧਿਕਾਰੀ ਹਰਪਾਲ ਸਿੰਘ ਦੀ ਮਿਲੀ ਭਗਤ ਦੇ ਦੋਸ਼ ਲਗਾਏ ਗਏ ਕਿ ਇਹਨਾਂ ਅਫਸਰਸ਼ਾਹੀਆਂ ਨੇ ਹੁਣ ਤੱਕ ਦੋਸ਼ੀਆਂ ਨੂੰ ਗ੍ਰਫਤਾਰ ਹੋ ਨਹੀਂ ਦਿੱਤਾ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀਐਸਪੀ ਸਮਰਾਲਾ ਪ੍ਰਿਤਪਾਲ ਸਿੰਘ ਖੁਦ ਧਰਨੇ ਵਾਲੀ ਥਾਂ ‘ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਲੰਬੀ ਗੱਲਬਾਤ ਕੀਤੀ। ਉਨ੍ਹਾਂ ਪਰਿਵਾਰ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਪੁਲਿਸ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਡੀਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਵੱਲੋਂ ਦਿੱਤੀ ਗਈ ਨਵੀਂ ਜਾਣਕਾਰੀ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।

LEAVE A REPLY

Please enter your comment!
Please enter your name here