ਗੁਰਦਾਸਪੁਰ ’ਚ ਭਿਆਨਕ ਸੜਕ ਹਾਦਸੇ ’ਚ 1 ਮੌਤ, 2 ਜ਼ਖਮੀ/ ਡਿਵਾਈਟਰ ਨਾਲ ਟਕਰਾਈ ਮੋਟਰ ਸਾਇਕਲ/ ਪੁਲਿਸ ਕਰ ਰਹੀ ਜਾਂਚ

0
1

ਗੁਰਦਾਸਪੁਰ ਸਿਟੀ ਫੂਡ ਰੈਸਟੋਰੈਂਟ ਜਾਪੁਵਾਲ ਦੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿੱਥੇ ਇੱਕ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਦੀ ਬਾਈਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ, ਜਿਸ ਨਾਲ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬੱਬਰੀ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਵੰਸ਼ ਉਮਰ ਲਗਭਗ 21-22 ਸਾਲ ਨਿਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਵਿਸ਼ਾਲ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ ਵਿੱਚੋਂ ਵੰਸ਼ ਛੋਟਾ ਸੀ। ਉਹ ਮੇਲੇ ਵਿੱਚ ਝੂਲਿਆਂ ਦਾ ਕੰਮ ਕਰਦਾ ਸੀ ਅਤੇ ਅੰਮ੍ਰਿਤਸਰ ਤੋਂ ਪਠਾਨਕੋਟ ਆਪਣੇ ਕੰਮ ‘ਤੇ ਜਾ ਰਿਹਾ ਸੀ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਹ ਹਾਦਸਾ ਸ਼ਾਇਦ ਨੀਂਦ ਦਾ ਝੋਕਾ ਆਉਣ ਕਾਰਨ ਵਾਪਰਿਆ ਹੈ। ਪੁਲਿਸ ਵੱਲੋਂ ਕਾਰਵਾਈ ਤੋਂ ਬਾਅਦ ਸਵੇਰੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।ਜਿਸ ਤੋਂ ਬਾਅਦ ਅੰਮ੍ਰਿਤਸਰ ਵਿਖੇ ਉਸਦਾ ਸਸਕਾਰ ਕੀਤਾ ਜਾਵੇਗਾ।
ਹਾਦਸੇ ਵਿੱਚ ਜ਼ਖ਼ਮੀ ਹੋਏ ਦੂਜੇ ਨੌਜਵਾਨ ਸੰਨੀ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦੱਸਿਆ ਕਿ ਉਹ ਤਿੰਨੋਂ ਜਣੇ ਮੋਟਰਸਾਈਕਲ ‘ਤੇ ਪਠਾਨਕੋਟ ਕੰਮ ‘ਤੇ ਜਾ ਰਹੇ ਸਨ। ਰਸਤੇ ਵਿੱਚ ਅਚਾਨਕ ਅੱਖ ਵਿੱਚ  ਮਿੱਟੀ-ਘੱਟਾ ਜਾਂ ਕੋਈ ਚੀਜ਼ ਪੈ ਜਾਣ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਬਾਈਕ ਸੜਕ ਦੇ ਡਿਵਾਈਡਰ ਨਾਲ ਜਾ ਟਕਰਾਈ। ਸੰਨੀ ਮੁਤਾਬਕ ਉਹ ਖੁਦ ਝਾੜੀਆਂ ਵਿੱਚ ਜਾ ਡਿੱਗਿਆ ਜਿਸ ਕਾਰਨ ਉਸਦਾ ਬਚਾਅ ਹੋ ਗਿਆ। ਪਰ ਬਾਈਕ ਚਲਾ ਰਿਹਾ ਵੰਸ਼ ਫੁੱਟਪਾਥ ਨਾਲ ਬੁਰੀ ਤਰ੍ਹਾਂ ਰਗੜਿਆ ਗਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਤੀਜਾ ਨੌਜਵਾਨ ਵੰਸ਼ ਦਾ ਦੋਸਤ ਸੀ।ਅਤੇ ਉਹ ਸਾਰੇ ਇਕੱਠੇ ਮੇਲੇ ਵਿੱਚ ਕੰਮ ਕਰਦੇ ਸਨ। ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਐਂਬੂਲੈਂਸ ਨੂੰ ਫੋਨ ਕਰਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਰਾਹੁਲ ਸਹੋਤਾ ਨੇ ਦੱਸਿਆ ਕਿ ਹਸਪਤਾਲ ਵਿੱਚ ਦੋ ਮਰੀਜ਼ਾਂ ਨੂੰ ਲਿਆਂਦਾ ਗਿਆ ਸੀ। ਦੋਵਾਂ ਦੀ ਹਾਲਤ ਫਿਲਹਾਲ Stable ਹੈ। ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਸਨ। ਜਿਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਹੈ। ਡਾਕਟਰ ਨੇ ਦੱਸਿਆ ਕਿ ਮ੍ਰਿਤਕ ਦੀ ਮ੍ਰਿਤਕ ਦੇਹ ਅਜੇ ਤੱਕ ਹਸਪਤਾਲ ਨਹੀਂ ਪਹੁੰਚੀ ਹੈ। ਪੁਲਿਸ ਵੱਲੋਂ ਲਾਸ਼ ਲਿਆਂਦੇ ਜਾਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here