ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਵਿਕਾਸ ਕੰਮਾਂ ਦਾ ਉਦਘਾਟਨ/ ਪੌਣੇ 5 ਕਰੋੜ ਲਾਗਤ ਨਾਲ ਬਣੇਗੀ ਸਾਢੇ 6 ਕਿਲੋਮੀਟਰ ਲੰਮੀ ਸੜਕ

0
1

ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਨੂੰ ਨਾਭਾ ਰੋਡ ਨਾਲ ਜੁੜਨ ਵਾਲੀ ਕਰੀਬ ਸਾਢੇ ਛੇ ਕਿਲੋਮੀਟਰ ਲੰਬੀ ਸੜਕ ਦੇ ਕੰਮ ਦਾ ਉਦਘਾਟਨ ਕੀਤਾ। ਪੌਣੇ-5 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦੇ ਮੁਕੰਮਲ ਹੋਣ ਨਾਲ ਟਰੈਫਿਕ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਕੁੱਲ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਬਣਾਉਣ ਦਾ ਬਜਟ ਰੱਖਿਆ ਗਿਆ ਸੀ, ਜਿਸ ਵਿੱਚੋਂ 30 ਕਰੋੜ ਰੁਪਏ ਦੇ ਕੰਮ ਮੁਕੰਮਲ ਹੋ ਚੁੱਕੇ ਹਨ, ਜਦਕਿ ਬਾਕੀ 10 ਕਰੋੜ ਰੁਪਏ ਵਾਲੀਆਂ ਸੜਕਾਂ ਦਾ ਕੰਮ ਵੀ ਜਲਦ ਸ਼ੁਰੂ ਹੋਵੇਗਾ।
ਪਾਣੀ ਦੀ ਸਪਲਾਈ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਭਾਖੜਾ ਨਾਲ ਜੁੜ ਰਹੀ ਪਾਈਪਲਾਈਨ ਦਾ ਪਹਿਲਾ ਫੇਜ਼ ਮੁਕੰਮਲ ਹੋ ਚੁੱਕਾ ਹੈ ਅਤੇ ਸਰਕਾਰ ਦਾ ਟਾਰਗੇਟ ਹੈ ਕਿ ਸਤੰਬਰ ਤੋਂ ਪਹਿਲਾਂ ਪਟਿਆਲੇ ਦੇ ਕੁਝ ਇਲਾਕਿਆਂ ਵਿੱਚ 24×7 ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇ। ਬਾਕੀ ਇਲਾਕਿਆਂ ਵਿੱਚ ਵੀ ਡਿਗਿੰਗ ਦਾ ਕੰਮ ਫੇਜ਼ ਵਾਈਜ਼ ਪੂਰਾ ਕੀਤਾ ਜਾਵੇਗਾ। ਸੜਕਾਂ ਦੀ ਖੁਦਾਈ ਨੂੰ ਲੈ ਕੇ ਉਨ੍ਹਾਂ ਸਪਸ਼ਟ ਕੀਤਾ ਕਿ ਇਹ ਸਿਰਫ਼ ਇੰਟਰ-ਕਨੈਕਸ਼ਨ ਲਈ ਕੀਤੀ ਜਾਂਦੀ ਹੈ, ਤਾਂ ਜੋ ਮੇਨ ਪਾਈਪਲਾਈਨ ਨੂੰ ਲੋਕਲ ਸਪਲਾਈ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕੋਈ ਵੱਡਾ ਕੰਮ ਨਹੀਂ ਹੁੰਦਾ ਅਤੇ ਇੱਕ ਹਫ਼ਤੇ ਅੰਦਰ ਸੜਕਾਂ ਨੂੰ ਦੁਬਾਰਾ ਠੀਕ ਕਰ ਦਿੱਤਾ ਜਾਂਦਾ ਹੈ।
ਐਸਆਈਆਰ ਨੂੰ ਲੈ ਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵੋਟਰ ਆਪਣੀ ਵੋਟ ਦੀ ਜਾਂਚ ਕਰੇ ਅਤੇ ਬੀਐਲਓ ਕੋਲ ਆਪਣੇ ਦਸਤਾਵੇਜ਼ ਪੇਸ਼ ਕਰਕੇ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਕਰੇ। ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਉਨ੍ਹਾਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਦੇ ਤਜਰਬੇ ਅਤੇ ਰਾਜਨੀਤਿਕ ਸਮਝ ਦਾ ਲਾਭ ਸਰਕਾਰ ਅਤੇ ਪਾਰਟੀ ਨੂੰ ਮਿਲੇਗਾ। ਇਸ ਤੋਂ ਇਲਾਵਾ ਵੱਡੇ ਨਾਲੇ ਦੇ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 66 ਕਰੋੜ ਰੁਪਏ ਦੀ ਡੀਪੀਆਰ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ ਅਤੇ ਇਸ ਨੂੰ ਸੈਂਟਰਲ ਸਕੀਮ ਤਹਿਤ ਲਿਆਂਦਾ ਜਾਵੇਗਾ। 24 ਨੰਬਰ ਫਾਟਕ ‘ਤੇ ਅੰਡਰਪਾਸ ਬਣਾਉਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੀ ਮੋਬਿਲਿਟੀ ਹੋਰ ਵਧੇਗੀ ਅਤੇ ਆਉਣ ਵਾਲੇ ਦੋ-ਤਿੰਨ ਸਾਲਾਂ ਵਿੱਚ ਇਹ ਇਲਾਕਾ ਤੇਜ਼ੀ ਨਾਲ ਵਿਕਸਤ ਹੋਵੇਗਾ।

LEAVE A REPLY

Please enter your comment!
Please enter your name here