ਗੁਰਦਾਸਪੁਰ ’ਚ ਪੁਲਿਸ ਨਾਕੇ ਨੇੜੇ ਭਿਆਨਕ ਹਾਦਸਾ/ ਬਲੈਰੋ ਨਾਲ ਟਕਰਾਇਆ ਮਿਕਸਚਰ ਦਾ ਭਰਿਆ ਟਿੱਪਰ/ ਪੁਲਿਸ ਨਾਕੇ ਦੇ ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ

0
2

ਗੁਰਦਾਸਪੁਰ ਦੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਸਥਿਤ ਪੁਲਿਸ ਦੇ ਹਾਈਟੈਕ ਨਾਕੇ ਨੇੜੇ ਇਕ ਤੇਜ਼ ਰਫਤਾਰ ਟਿੱਪਰ ਨੇ ਬਲੈਰੋ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਤੇਜ਼ ਰਫਤਾਰ ਟਿੱਪਰ ਡਿਵਾਈਡਰ ਟੱਪ ਕੇ ਉਲਟੇ ਹੱਥ ਜਾ ਕੇ ਬਲੈਰੋ ਗੱਡੀ ਨਾਲ ਜਾ ਟਕਰਾਇਆ ਅਤੇ ਥੋੜ੍ਹਾ ਅੱਗੇ ਜਾ ਕੇ ਪਲਟ ਗਿਆ। ਇਸੇ ਦੌਰਾਨ ਨਾਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਪੁਲਿਸ ਮੁਤਾਬਕ ਰਾਜਸਥਾਨ ਨੰਬਰ ਦੇ ਇਸ ਟਿੱਪਰ ਵਿਚ ਲੈਂਟਰ ਵਾਲਾ ਮਿਕਚਸਰ ਭਰਿਆ ਹੋਇਆ ਸੀ। ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਬਲੈਰੋ ਵਿੱਚ ਸਵਾਰ ਕੁਝ ਲੇਬਰ ਦੇ ਬੰਦਿਆਂ ਨੂੰ ਮਾਮੂਲੀ ਸੱਟਾ ਲੱਗੀਆਂ ਹਨ। ਜਾਣਕਾਰੀ ਦਿੰਦਿਆਂ ਇੱਕ ਟੈਂਟ ਹਾਊਸ ਦੇ ਮਾਲਕ ਇੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਉਹ ਨਿੱਕੇ ਘੁੰਮਣੀ ਤੋਂ ਬਲੈਰੋ ਤੇ ਲੇਬਰ ਦੇ ਬੰਦਿਆਂ ਨਾਲ ਟੈਂਟ ਦਾ ਸਮਾਨ ਵਾਪਸ ਲੈ ਕੇ ਗੁਰਦਾਸਪੁਰ ਵੱਲ ਨੂੰ ਆ ਰਹੇ ਸੀ ਕਿ ਬਬਰੀ ਨਾਕੇ ਤੇ ਇੱਕ ਤੇਜ਼ ਰਫਤਾਰ ਟਿੱਪਰ ਡਵਾਈਡਰ ਨੂੰ ਟੱਪਦਾ ਹੋਇਆ ਉਹਨਾਂ ਦੀ ਬਲੈਰੋ ਵਿੱਚ ਆ ਵੱਜਿਆ। ਬੇਕਾਬੂ ਟਰੱਕ ਨੂੰ ਆਪਣੇ ਵੱਲ ਆਉਂਦਾ ਦੇਖਦੇ ਹੋਏ ਨਾਕੇ ਉਤੇ ਖੜੇ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਉੱਥੇ ਹੀ ਟਿੱਪਰ ਦੀ ਸਾਈਡ ਬਲੈਰੋ ਨਾਲ ਲੱਗਣ ਕਾਰਨ ਬਲੈਰੋ ਵਿੱਚ ਸਵਾਰ ਤਿੰਨ ਲੇਬਰ ਦੇ ਬੰਦਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦਕਿ ਟਿੱਪਰ ਬਲੈਰੋ ਨੂੰ ਸਾਈਡ ਮਾਰਦਾ ਹੋਇਆ ਥੋੜੀ ਅੱਗੇ ਜਾ ਕੇ ਪਲਟ ਗਿਆ। ਉਹਨਾਂ ਕਿਹਾ ਕਿ ਇੱਥੇ ਪਹਿਲਾਂ ਵੀ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ ਅਤੇ ਚੌਂਕ ਦੀ ਤਕਨੀਕੀ ਬਣਤਰ ਤੇ ਪਹਿਲਾਂ ਵੀ ਕਈ ਸਵਾਲ ਉੱਠ ਚੁੱਕੇ ਹਨ। ਉੱਥੇ ਹੀ ਉਹਨਾਂ ਨੇ ਇਹ ਸ਼ੱਕ ਵੀ ਜਤਾਇਆ ਕਿ ਜਿਸ ਤਰ੍ਹਾਂ ਨਾਲ ਤੇਜ਼ੀ ਨਾਲ ਆਉਂਦਾ ਟਿੱਪਰ ਪਲਟਿਆ ਹੈ, ਹੋ ਸਕਦਾ ਹੈ ਡਰਾਈਵਰ ਨਹੀਂ ਕੋਈ ਨਸ਼ਾ ਕੀਤਾ ਹੋਵੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਨਾਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

LEAVE A REPLY

Please enter your comment!
Please enter your name here