ਪੰਜਾਬ ਅੰਮ੍ਰਿਤਸਰ ’ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ/ ਬਿਜਲੀ ਬੋਰਡ ਦੇ ਅਧਿਕਾਰੀਆਂ ਖਿਲਾਫ ਕੇਸ ਦਰਜ/ 2018 ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਨੇ ਕੀਤੀ ਗ੍ਰਿਫ਼ਤਾਰੀ By admin - October 3, 2026 0 1 Facebook Twitter Pinterest WhatsApp ਅੰਮ੍ਰਿਤਸਰ ’ਚ ਬਿਜਲੀ ਬੋਰਡ ਅਧਿਕਾਰੀਆਂ ਖਿਲਾਫ ਵਿਜੀਲੈਂਸ ਬਿਊਰੋ ਨੇ ਵੱਡਾ ਕਾਰਵਾਈ ਕੀਤੀ ਹੈ। ਵਿਜੀਲੈਂਸ ਨੇ 2018 ਵਿਚ ਸ਼ੁਰੂ ਹੋਈ ਇਕ ਇਨਕੁਆਰੀ ਦੇ ਆਧਾਰ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰੀ ਅਮਲ ਵਿਚ ਲਿਆਂਦੀ ਗਈ ਹੈ। ਸ਼ਿਕਾਇਤਕਰਤਾ ਮੁਤਾਬਕ ਉਸ ਨੇ 2017 ਵਿਚ ਇਕ ਹੋਟਲ ਖਰੀਦਿਆ ਸੀ, ਜਿਸ ਨੂੰ ਲੈ ਕੇ ਉਸ ਸਮੇਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਰਿਸ਼ਵਤ ਲੈਣ ਖਾਤਰ ਤੰਗ-ਪ੍ਰੇਸ਼ਾਨ ਕੀਤਾ ਸੀ, ਜਿਸ ਦੀ 2018 ਵਿਚ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ, ਜਿਸ ਦਾ ਹੁਣ ਇਨਸਾਫ ਮਿਲਿਆ ਹੈ। ਵਿਜੀਲੈਂਸ ਅਧਿਕਾਰੀ ਮੁਤਾਬਕ ਮੁੱਖ ਦਫ਼ਤਰ ਵੱਲੋਂ ਪ੍ਰਾਪਤ ਹੋਏ ਦਿਸ਼ਾ-ਨਿਰਦੇਸ਼ਾਂ ਅਤੇ ਜਾਂਚ ਰਿਪੋਰਟ ਦੇ ਆਧਾਰ ‘ਤੇ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਸ਼ਿਕਾਇਤਕਰਤਾ ਹਰਪਾਲ ਸਿੰਘ ਹੈਰੀ ਨੇ ਦੱਸਿਆ ਕਿ ਸਾਲ 2017 ਵਿੱਚ ਉਨ੍ਹਾਂ ਨੇ ‘ਗੋਲਡਨ ਇਨ’ ਨਾਮੀ ਇੱਕ ਹੋਟਲ ਲਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸ ਸਮੇਂ ਦੇ ਬਿਜਲੀ ਬੋਰਡ ਦੇ ਤਤਕਾਲੀ ਐਸ.ਡੀ.ਓ. ਮਨਦੀਪ ਸਿੰਘ (ਜੋ ਕਿ ਹੁਣ ਐਕਸੀਅਨ ਸਿਵਲ ਲਾਈਨਜ਼ ਵਜੋਂ ਤਾਇਨਾਤ ਹਨ) ਅਤੇ ਉਨ੍ਹਾਂ ਦੇ ਸਾਥੀ ਜੇ.ਈਜ਼ (ਜਿਨ੍ਹਾਂ ਵਿੱਚ ਨਿਰੰਕਾਰ ਸਿੰਘ, ਦੀਪਇੰਦਰ, ਰਾਜੇਸ਼ ਕੁਮਾਰ ਅਤੇ ਅਸ਼ੋਕ ਕੁਮਾਰ ਖੁੱਲਰ ਆਦਿ ਸ਼ਾਮਲ ਸਨ) ਵੱਲੋਂ ਉਨ੍ਹਾਂ ਨੂੰ ਨਾਜਾਇਜ਼ ਤੌਰ ‘ਤੇ ਤੰਗ-ਪਰੇਸ਼ਾਨ ਕੀਤਾ ਗਿਆ। ਪੀੜਤ ਅਨੁਸਾਰ, ਅਧਿਕਾਰੀਆਂ ਵੱਲੋਂ ਨਾਜਾਇਜ਼ ਤੌਰ ‘ਤੇ ਚੋਰੀ ਦਾ ਕੇਸ ਪਾਉਣ ਦਾ ਡਰਾਵਾ ਦੇ ਕੇ ਰਿਸ਼ਵਤ ਲਈ ਗਈ ਅਤੇ ਲਗਾਤਾਰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਗਿਆ। ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਧੱਕੇਸ਼ਾਹੀ ਵਿਰੁੱਧ ਸਾਲ 2018 ਵਿੱਚ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਹਾਲਾਂਕਿ ਇਸ ਮਾਮਲੇ ਨੂੰ ਦਬਾਉਣ ਲਈ ਕਈ ਕੋਸ਼ਿਸ਼ਾਂ ਹੋਈਆਂ ਅਤੇ ਵਿਭਾਗੀ ਪੱਧਰ ‘ਤੇ ਵੀ ਕਈ ਤਰ੍ਹਾਂ ਦੀਆਂ ਕਥਿਤ ਝੂਠੀਆਂ ਪੜਤਾਲਾਂ ਕਰਵਾਈਆਂ ਗਈਆਂ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਅਤੇ ਸਾਂਝੇ ਹਿੱਤਾਂ ਕਾਰਨ ਜਾਂਚ ਨੂੰ ਲੰਬਾ ਖਿੱਚਿਆ ਗਿਆ। ਆਖ਼ਰਕਾਰ, ਬੜੀ ਮੁਸ਼ੱਕਤ ਤੋਂ ਬਾਅਦ ਜਦੋਂ ਮੁੜ ਪੜਤਾਲ (ਰੀ-ਓਪਨ ਇਨਕੁਆਰੀ) ਕਰਵਾਈ ਗਈ ਤਾਂ ਸਾਰੇ ਤੱਥ ਅਤੇ ਸੱਚਾਈ ਸਾਹਮਣੇ ਆ ਗਏ। ਲਗਭਗ ਅੱਠ ਸਾਲਾਂ ਦੀ ਲੰਬੀ ਲੜਾਈ ਅਤੇ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਹੁਣ ਵਿਜੀਲੈਂਸ ਨੇ ਸਖ਼ਤ ਕਦਮ ਚੁੱਕਦਿਆਂ ਦੋਸ਼ੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ। ਵਿਜੀਲੈਂਸ ਟੀਮ ਨੇ ਕਾਰਵਾਈ ਕਰਦਿਆਂ ਮਾਮਲੇ ਨਾਲ ਜੁੜੇ ਦਵਿੰਦਰ ਜੀ ਸਮੇਤ ਸੰਬੰਧਿਤ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੀੜਤ ਹਰਪਾਲ ਸਿੰਘ ਨੇ ਇਸ ਕਾਰਵਾਈ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਦੇਰ ਨਾਲ ਹੀ ਸਹੀ, ਪਰ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਇਸ ਕਾਰਵਾਈ ਨਾਲ ਭ੍ਰਿਸ਼ਟ ਅਧਿਕਾਰੀਆਂ ਵਿੱਚ ਭਾਰੀ ਹੜਕੰਪ ਮਚ ਗਿਆ ਹੈ।