ਪੰਜਾਬ ਗੁਰਦਾਸਪੁਰ ’ਚ ਸਾਲਿਡ ਵੇਸਟੇਜ ਪਲਾਂਟ ਦਾ ਮੁੱਦਾ ਗਰਮਾਇਆ/ ਪਿੰਡਾਂ ਦੇ ਲੋਕਾਂ ਨੇ ਪਲਾਂਟ ਖਿਲਾਫ ਖੋਲ੍ਹਿਆ ਮੋਰਚਾ/ ਕਹਿੰਦੇ ਨਹੀਂ ਲੱਗਣ ਦਿਆਂਗੇ ਇੱਥੇ ਪਲਾਂਟ By admin - October 3, 2026 0 1 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਪ੍ਰਸਤਾਵਿਤ ਸੋਲਿਡ ਵੇਸਟੇਜ ਮੈਨੇਜਮੈਂਟ ਪ੍ਰਾਜੈਕਟ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਤਿੱਬੜੀ ਨਹਿਰ ਕੰਢੇ ਭੁੱਲੇ ਚੱਕ ਪੰਚਾਇਤ ਦੀ ਕਰੀਬ ਦੋ ਏਕੜ ਜ਼ਮੀਨ ’ਤੇ ਬਣ ਰਹੇ ਇਸ ਪ੍ਰੋਜੈਕਟ ਦਾ ਆਸ-ਪਾਸ ਦੇ 9 ਪਿੰਡਾਂ ਦੇ ਲੋਕਾਂ ਨੇ ਵਿਰੋਧ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਕੂੜੇ ਦਾ ਡੰਪ ਹੈ, ਇਸ ਲਈ ਉਹ ਉਸ ਨੂੰ ਬਣਨ ਨਹੀਂ ਦੇਣਗੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਦਾ ਕੂੜਾ ਲਿਆ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਟਵਾਂ ਵਿਰੋਧ ਕਰਨਗੇ। ਪ੍ਰਸਤਾਵਿਤ ਪ੍ਰਾਜੈਕਟ ਦੇ ਵਿਰੋਧ ਵਿੱਚ ਨੌਸ਼ਹਿਰਾ, ਨਵਾਂਸ਼ਾਲਾ, ਚਾਵਾ, ਨਵਾਂ ਪਿੰਡ ਬਹਾਦਰ ਸਮੇਤ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਪਿੰਡ ਨੌਸ਼ਹਿਰਾ ਵਿਖੇ ਇਕੱਠ ਕਰਕੇ ਇੰਪਰੂਵਮੈਂਟ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਸਿੰਘ ਅਤੇ ਦਿਲਬਾਗ ਸਿੰਘ ਸਮੇਤ ਇਲਾਕਾ ਵਾਸੀਆਂ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੱਲੋਂ ਮੀਡੀਆ ਰਾਹੀਂ ਭੁੱਲੇ ਚੱਕ ਪੰਚਾਇਤ ਦੀ ਕਰੀਬ ਦੋ ਏਕੜ ਜ਼ਮੀਨ ਪੱਟੇ ’ਤੇ ਲੈ ਕੇ ਗੁਰਦਾਸਪੁਰ ਦੇ ਕੂੜੇ ਦੇ ਨਿਪਟਾਰੇ ਲਈ ਵਰਤਣ ਦੀ ਗੱਲ ਸਾਹਮਣੇ ਆਉਣ ਮਗਰੋਂ ਪਿੰਡਾਂ ਵਿੱਚ ਰੋਸ ਪੈਦਾ ਹੋਇਆ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਭੁੱਲੇ ਚੱਕ ਪਿੰਡ ਦਾ ਬਾਕੀ ਰਕਬਾ ਨਹਿਰ ਦੇ ਦੂਜੇ ਪਾਸੇ ਹੈ, ਜਦਕਿ ਜਿਸ ਦੋ ਏਕੜ ਜ਼ਮੀਨ ’ਤੇ ਪ੍ਰਾਜੈਕਟ ਲਗਾਉਣ ਦੀ ਯੋਜਨਾ ਹੈ, ਉਹ ਨਹਿਰ ਦੇ ਅੰਦਰਲੇ ਪਾਸੇ ਨਵਾਂ ਪਿੰਡ ਬਹਾਦਰ ਦੇ ਹੱਦਬਸਤ ਨਾਲ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਨਾਲ ਨਵਾਂਸ਼ਾਲਾ, ਤਿੱਬੜੀ, ਚਾਵਾ, ਨਵਾਂ ਨੌਸ਼ਹਿਰਾ, ਨਵਾਂ ਪਿੰਡ ਬਹਾਦਰ ਅਤੇ ਨੌਸ਼ਹਿਰਾ ਸਮੇਤ ਕਈ ਪਿੰਡਾਂ ਦੀਆਂ ਹੱਦਾਂ ਲੱਗਦੀਆਂ ਹਨ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਇਸ ਯੋਜਨਾ ਨੂੰ ਲੈ ਕੇ ਚਿੰਤਤ ਹਨ। ਇਲਾਕਾ ਵਾਸੀਆਂ ਨੇ ਖ਼ਦਸ਼ਾ ਜਤਾਇਆ ਕਿ ਜੇਕਰ ਇੱਥੇ ਰੋਜ਼ਾਨਾ ਵੱਡੀ ਮਾਤਰਾ ਵਿੱਚ ਸ਼ਹਿਰ ਦਾ ਕੂੜਾ ਲਿਆਂਦਾ ਗਿਆ ਤਾਂ ਬਦਬੂ, ਮੱਖੀ-ਮੱਛਰ ਅਤੇ ਗੰਦਗੀ ਕਾਰਨ ਇਲਾਕੇ ਦਾ ਵਾਤਾਵਰਨ ਪ੍ਰਭਾਵਿਤ ਹੋ ਸਕਦਾ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਪੈਦਾ ਹੋਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਪ੍ਰਾਜੈਕਟ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਲੋਕਾਂ ਦੇ ਵਿਰੋਧ ਦੇ ਬਾਵਜੂਦ ਇੱਥੇ ਕੂੜਾ ਲਿਆਉਣ ਦੀ ਕੋਸ਼ਿਸ਼ ਹੋਈ ਤਾਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।