ਅੰਮ੍ਰਿਤਸਰ RTA ਦਫ਼ਤਰ ਅੱਗੇ ਟਰੱਕ ਯੂਨੀਅਨ ਦਾ ਪ੍ਰਦਰਸ਼ਨ/ ਗੇਟ ਬੰਦ ਕਰ ਕੇ ਕੀਤੀ ਨਾਅਰੇਬਾਜ਼ੀ/ ਆਨਲਾਈਨ ਚਲਾਨਾਂ ਤੇ ਬਲੈਕ ਲਿਸਟ ਦੇ ਮੁੱਦੇ ‘ਤੇ ਹੰਗਾਮਾ

0
2

 

ਅੰਮ੍ਰਿਤਸਰ ਦਾ ਆਰ.ਟੀ.ਏ. ਦਫ਼ਤਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ।  ਟਰੱਕ ਯੂਨੀਅਨ ਅਤੇ ਟਰਾਂਸਪੋਰਟਰਾਂ ਨੇ ਚਲਾਨਾਂ ਅਤੇ ਬਲੈਕ ਲਿਸਟ ਦੇ ਮੁੱਦੇ ਨੂੰ ਲੈ ਕੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦਾ ਮੁੱਖ ਗੇਟ ਬੰਦ ਕਰ ਕੇ ਨਾਅਰੇਬਾਜ਼ੀ ਕੀਤੀ। ਟਰਾਂਸਪੋਰਟਾਂ ਦਾ ਇਲਜਾਮ ਸੀ ਕਿ ਚਲਾਨਾਂ ਦਾ ਭੁਗਤਾਨ ਕਰਨ ਦੇ ਬਾਵਜੂਦ ਗੱਡੀ ਬਲੈਕ ਲਿਸਟ ਵਿਚੋਂ ਨਹੀਂ ਕੱਢੀਆਂ, ਜਿਸ ਕਾਰਨ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਧਰਨੇ ‘ਤੇ ਬੈਠੇ ਟਰਾਂਸਪੋਰਟਰ ਬਖਸ਼ੀਸ਼ ਸਿੰਘ ਖਹਿਰਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਗੱਡੀ ਦੇ ਕਈ ਚਲਾਨਾਂ ਦਾ ਭੁਗਤਾਨ ਕਰਨ ਦੇ ਬਾਵਜੂਦ ਵੀ ਗੱਡੀ ਨੂੰ ਬਲੈਕ ਲਿਸਟ ਵਿੱਚੋਂ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟਰੱਕ ਪਿਛਲੇ 12 ਦਿਨਾਂ ਤੋਂ ਹਰਿਆਣਾ ਦੇ ਰਤੀਆ ਵਿਖੇ ਖੜ੍ਹਾ ਹੈ, ਜਿਸ ਵਿੱਚ ਲੱਖਾਂ ਰੁਪਏ ਦਾ ਸਮਾਨ ਲੱਦਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵਿਭਾਗ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਆਨਲਾਈਨ ਚਲਾਨ ਪ੍ਰਣਾਲੀ ‘ਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਬਿਨਾਂ ਕਿਸੇ ਜਾਣਕਾਰੀ ਦੇ ਚਲਾਨ ਕੱਟੇ ਜਾਂਦੇ ਹਨ ਅਤੇ ਵਾਹਨ ਮਾਲਕਾਂ ਨੂੰ ਇਸ ਬਾਰੇ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਉਹ ਪਰਮਿਟ ਜਾਂ ਪਾਸਿੰਗ ਲਈ ਦਫ਼ਤਰ ਪਹੁੰਚਦੇ ਹਨ। ਉਨ੍ਹਾਂ ਨੇ ਸਰਕਾਰ ਤੋਂ ਇਸ ਪ੍ਰਣਾਲੀ ਵਿੱਚ ਸੁਧਾਰ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ।
ਦੂਜੇ ਪਾਸੇ, ਸਬੰਧਤ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਿਸਟਮ ਵਿੱਚ ਗੁਜਰਾਤ ਦੇ ਦੋ ਚਲਾਨ ਅਜੇ ਵੀ ਪੈਂਡਿੰਗ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਚਲਾਨ ਸਿਸਟਮ ਵਿੱਚ ਕਲੀਅਰ ਨਹੀਂ ਹੁੰਦੇ, ਉਦੋਂ ਤੱਕ ਗੱਡੀ ਨੂੰ ਬਲੈਕ ਲਿਸਟ ਵਿੱਚੋਂ ਹਟਾਇਆ ਨਹੀਂ ਜਾ ਸਕਦਾ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਮਾਮਲੇ ਦੇ ਹੱਲ ਲਈ ਸਬੰਧਤ ਵਿਭਾਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here