ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ/ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਅਤੇ ਨਸ਼ਾ ਤਸਕਰੀ ਮੋਡਿਊਲ ਦਾ ਪਰਦਾਫਾਸ਼/ 4 ਤਸਕਰ ਗ੍ਰਿਫ਼ਤਾਰ

0
3

 

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਮਾਫੀਆ ਅਤੇ ਸਮਾਜ ਵਿਰੋਧੀ ਤੱਤਾਂ ਦੇ ਖਾਤਮੇ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਗੈਂਗਸਟਰਾਂ ’ਤੇ ਵਾਰ’ ਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਬਾਰਡਰ ਰੇਂਜ ਦੇ ਪੁਲਿਸ ਮਹਾਨਿਰੀਖਕ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਖੁਫੀਆ ਸੂਚਨਾ ਦੇ ਆਧਾਰ ’ਤੇ ਚਲਾਏ ਗਏ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਸਰਹੱਦ ਪਾਰੋਂ ਚਲਾਏ ਜਾ ਰਹੇ ਇੱਕ ਵੱਡੇ ਨਸ਼ਾ ਅਤੇ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ।
ਇਸ ਕਾਰਵਾਈ ਦੌਰਾਨ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਕਿਲੋ ਹੈਰੋਇਨ ਅਤੇ 10 ਵਿਦੇਸ਼ੀ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਬਰਾਮਦ ਕੀਤੇ ਹਥਿਆਰਾਂ ਵਿੱਚ 5 ਆਧੁਨਿਕ ਗਲੌਕ ਪਿਸਤੌਲ ਅਤੇ 5 PX5 ਪਿਸਤੌਲ ਸ਼ਾਮਲ ਹਨ। ਆਈਜੀ ਭੁੱਲਰ ਨੇ ਦੱਸਿਆ ਕਿ ਇਹ ਮੋਡਿਊਲ ਮਿਡਲ ਈਸਟ ਵਿੱਚ ਬੈਠੇ ਇੱਕ ਹੈਂਡਲਰ ਅਤੇ ਪਾਕਿਸਤਾਨ ਆਧਾਰਿਤ ਤਸਕਰਾਂ ਵੱਲੋਂ ਚਲਾਇਆ ਜਾ ਰਿਹਾ ਸੀ। ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਭਾਰਤੀ ਸਰਹੱਦ ਅੰਦਰ ਸੁੱਟੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਅੱਗੇ ਵੱਖ-ਵੱਖ ਅਪਰਾਧੀਆਂ ਅਤੇ ਗੈਂਗਸਟਰਾਂ ਤੱਕ ਪਹੁੰਚਾਇਆ ਜਾਂਦਾ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਗਿਰੋਹ ਦੋ ਵੱਖ-ਵੱਖ ਕੜੀਆਂ ਰਾਹੀਂ ਕੰਮ ਕਰ ਰਿਹਾ ਸੀ। ਹਥਿਆਰਾਂ ਦੀ ਤਸਕਰੀ ਦਾ ਕੰਮ ਮੁੱਖ ਤੌਰ ’ਤੇ ਰਾਜਨਪ੍ਰੀਤ ਅਤੇ ਵਿਜੇ ਵੱਲੋਂ ਦੇਖਿਆ ਜਾ ਰਿਹਾ ਸੀ। ਰਾਜਨਪ੍ਰੀਤ ਸਰਹੱਦੀ ਇਲਾਕੇ ਤੋਂ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ, ਜਦਕਿ ਵਿਜੇ ਉਨ੍ਹਾਂ ਨੂੰ ਅੱਗੇ ਟਿਕਾਣੇ ਲਗਾਉਣ ਅਤੇ ਡਿਲਿਵਰੀ ਕਰਨ ਦੀ ਜ਼ਿੰਮੇਵਾਰੀ ਸੰਭਾਲਦਾ ਸੀ। ਪੁਲਿਸ ਅਨੁਸਾਰ ਵਿਜੇ ਨੂੰ ਪਹਿਲਾਂ ਵੀ ਮਾਰਚ 2025 ਵਿੱਚ 475 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਉਹ ਮੁੜ ਇਸ ਗੈਰ-ਕਾਨੂੰਨੀ ਧੰਦੇ ਵਿੱਚ ਸਰਗਰਮ ਹੋ ਗਿਆ ਸੀ।
ਦੂਜੇ ਪਾਸੇ, 10 ਕਿਲੋ ਹੈਰੋਇਨ ਦੀ ਖੇਪ ਨਾਲ ਜੁੜਿਆ ਸਭ ਤੋਂ ਅਹਿਮ ਖੁਲਾਸਾ ਪਾਰਸਦੀਪ ਸਿੰਘ ਉਰਫ਼ ਬਿੱਲਾ ਦੀ ਗ੍ਰਿਫ਼ਤਾਰੀ ਤੋਂ ਹੋਇਆ ਹੈ। ਆਈਜੀ ਭੁੱਲਰ ਮੁਤਾਬਕ, ਕਥਿਤ ਤੌਰ ’ਤੇ ਗੈਂਗਸਟਰ ਅਤੇ ਤਸਕਰ ਕਿਸ਼ਨ ਜੰਡਿਆਲਾ ਲਈ ਛੇਹਰਟਾ ਇਲਾਕੇ ਤੋਂ ਖੇਪ ਚੁੱਕਣ ਵਾਲਾ ਪਾਰਸਦੀਪ ਲੰਬੇ ਸਮੇਂ ਤੋਂ ਪੁਲਿਸ ਦੀ ਰਡਾਰ ’ਤੇ ਸੀ। ਪੁਲਿਸ ਅਨੁਸਾਰ ਪਾਰਸਦੀਪ ਉਹ ਮੁੱਖ ਕੜੀ ਸੀ, ਜੋ ਵੱਖ-ਵੱਖ ਵਾਹਨਾਂ ਅਤੇ ਭੇਸ ਬਦਲ ਕੇ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਇਕੱਠੀ ਕਰਦਾ ਅਤੇ ਅੱਗੇ ਸਪਲਾਈ ਕਰਦਾ ਸੀ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਹ ਪਹਿਲਾਂ ਵੀ ਤਰਨਤਾਰਨ, ਸਰਾਏ ਅਮਾਨਤ ਖਾਂ ਅਤੇ ਆਸ-ਪਾਸ ਦੇ ਇਲਾਕਿਆਂ ਤੋਂ 10 ਤੋਂ 12 ਖੇਪਾਂ ਸਫਲਤਾਪੂਰਵਕ ਚੁੱਕ ਚੁੱਕਾ ਸੀ। ਇਸ ਕੰਮ ਵਿੱਚ ਉਸ ਨੇ ਅਟਾਰੀ ਵਾਸੀ ਗੁਰਮੁਖ ਸਿੰਘ ਬੋਦੀ ਨੂੰ ਵੀ ਸ਼ਾਮਲ ਕੀਤਾ ਹੋਇਆ ਸੀ, ਜੋ ਪਹਿਲਾਂ ਪੰਚਾਇਤ ਮੈਂਬਰ ਰਹਿ ਚੁੱਕਾ ਹੈ ਅਤੇ ਇਸ ਸਮੇਂ ਦਿਹਾੜੀਦਾਰ ਵਜੋਂ ਕੰਮ ਕਰਦਾ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਜ਼ਿਆਦਾਤਰ 22-23 ਸਾਲ ਦੀ ਉਮਰ ਦੇ ਨੌਜਵਾਨ ਹਨ, ਜੋ ਰਾਜਮਿਸਤਰੀ ਜਾਂ ਪਲੰਬਰ ਵਰਗੇ ਆਮ ਕੰਮ ਕਰਦੇ ਸਨ। ਪੁਲਿਸ ਮੁਤਾਬਕ ਵਿਦੇਸ਼ੀ ਹੈਂਡਲਰ ਸੋਸ਼ਲ ਮੀਡੀਆ ਰਾਹੀਂ ਅਤੇ ‘ਈਜ਼ੀ ਮਨੀ’ ਯਾਨੀ ਜਲਦ ਅਮੀਰ ਬਣਨ ਦਾ ਲਾਲਚ ਦੇ ਕੇ ਅਜਿਹੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਸਨ ਅਤੇ ਉਨ੍ਹਾਂ ਤੋਂ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਕਰਵਾਉਂਦੇ ਸਨ।
ਆਈਜੀ ਭੁੱਲਰ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਹਥਿਆਰਾਂ ਦੀ ਸਮੇਂ ਸਿਰ ਬਰਾਮਦਗੀ ਨਾਲ ਸੂਬੇ ਵਿੱਚ ਕਿਸੇ ਵੱਡੀ ਅਪਰਾਧਿਕ ਵਾਰਦਾਤ ਅਤੇ ਟਾਰਗੇਟ ਕਿਲਿੰਗ ਦੀ ਸੰਭਾਵਿਤ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਦੇ ਬੈਂਕ ਖਾਤਿਆਂ ਅਤੇ ਵਿੱਤੀ ਕੜੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਪੂਰੇ ਨੈੱਟਵਰਕ ਨਾਲ ਜੁੜੀ ਜਾਇਦਾਦ ਅਤੇ ਹੋਰ ਵਿੱਤੀ ਸਰੋਤਾਂ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ।

LEAVE A REPLY

Please enter your comment!
Please enter your name here