ਮੋਗਾ ਦੇ ਕੋਆਪਰੇਟਿਵ ਬੈਂਕ ਅੱਗੇ ਕਿਸਾਨਾਂ ਦਾ ਧਰਨਾ/ ਕਰਜ਼ਾ ਮੁਆਫੀ ਦੀ ਮੰਗ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ/ ਸੰਘਰਸ਼ ਤਿੱਖਾ ਕਰਨ ਦੀ ਦਿੱਤੀ ਚਿਤਾਵਨੀ

0
1

ਭਾਰਤੀ ਕਿਸਾਨ ਯੂਨੀਅਨ (ਖੋਸਾ) ਵੱਲੋਂ ਮੋਗਾ ਸਥਿਤ ਕੋਆਪਰੇਟਿਵ ਬੈਂਕ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬੈਂਕ ਪ੍ਰਬੰਧਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨਾਲ ਇਨਸਾਫ਼ ਕਰਨ ਦੀ ਮੰਗ ਕੀਤੀ। ਕਿਸਾਨਾਂ ਨੇ ਪੰਜਾਬ ਸਰਕਾਰ ਦੇ ਭਰੋਸੇ ਮੁਤਾਬਕ ਕਰਜ਼ ਮੁਆਫੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬੈਂਕ ਪ੍ਰਬੰਧਕਾਂ ਨੇ ਮਸਲਾ ਛੇਤੀ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਜਿੰਦਰ ਸਿੰਘ ਖੋਸਾ ਅਤੇ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਭਰੋਸੇ ਦਿੱਤੇ ਜਾਂਦੇ ਹਨ, ਪਰ ਅਸਲ ਵਿੱਚ ਸਹਿਕਾਰੀ ਅਤੇ ਕੋਆਪਰੇਟਿਵ ਬੈਂਕ ਕਿਸਾਨਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਉਨ੍ਹਾਂ ਦੇ ਕਰਜ਼ਿਆਂ ‘ਤੇ ਵਿਆਜ ਵਧਾ ਰਹੇ ਹਨ ਅਤੇ ਜ਼ਮੀਨਾਂ ਕਬਜ਼ੇ ਵਿੱਚ ਲੈਣ ਦੀ ਕਾਰਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਨਾਲ ਸਰਾਸਰ ਧੱਕਾ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਅੱਜ ਪੂਰੇ ਪੰਜਾਬ ਵਿੱਚ ਕੋਆਪਰੇਟਿਵ ਬੈਂਕਾਂ ਦੇ ਹੈੱਡ ਦਫ਼ਤਰਾਂ ਦੇ ਬਾਹਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਪਣਾ ਕਰਜ਼ਾ ਵਾਪਸ ਕਰਨ ਲਈ ਤਿਆਰ ਹਨ, ਪਰ ਸਰਕਾਰ ਅਤੇ ਬੈਂਕ ਪ੍ਰਬੰਧਨ ਉਨ੍ਹਾਂ ਨਾਲ ਵਾਜਬ ਸੈਟਲਮੈਂਟ ਕਰਨ। ਜੇਕਰ ਕਿਸਾਨਾਂ ਨਾਲ ਧੱਕੇਸ਼ਾਹੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਵੱਡੇ ਪੱਧਰ ‘ਤੇ ਅੰਦੋਲਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here