ਪੰਜਾਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ/ ਗੁਰੂ ਅਮਰਦਾਸ ਜੀ ਦੇ ਬੁਰਾਈਆਂ ਖਿਲਾਫ਼ ਸੰਘਰਸ਼ ਨੂੰ ਕੀਤਾ ਯਾਦ/ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਵੱਲੋਂ ਸਮੂਹ ਸੰਗਤ ਨੂੰ ਵਧਾਈਆਂ By admin - April 30, 2026 0 3 Facebook Twitter Pinterest WhatsApp ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਆਰਦਾਸ ਕੀਤੀ। ਇਸ ਪਾਵਨ ਮੌਕੇ ‘ਤੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਰਾਜਦੀਪ ਸਿੰਘ ਵੱਲੋਂ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੂਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੰਦੇਸ਼ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ, ਜਿਸ ਤੋਂ ਹਰ ਸਿੱਖ ਨੂੰ ਸੇਧ ਲੈ ਕੇ ਜੀਵਨ ਨਿਰਬਾਹ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਇਹ ਸਿੱਖਿਆ ਦਿੱਤੀ ਕਿ ਸੱਚੇ ਗੁਰੂ ਤੋਂ ਬਿਨਾਂ ਜੀਵਨ ਸਫਲ ਨਹੀਂ ਹੋ ਸਕਦਾ। ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਲਗਭਗ 12 ਸਾਲ ਤੱਕ ਨਿਸ਼ਕਾਮ ਸੇਵਾ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਪ੍ਰਾਪਤ ਹੋਈ। ਉਨ੍ਹਾਂ ਅੱਗੇ ਦੱਸਿਆ ਕਿ ਗੁਰੂ ਅਮਰਦਾਸ ਜੀ ਨੇ ਸਮਾਜਿਕ ਸੁਧਾਰਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਉਸ ਸਮੇਂ ਚੱਲ ਰਹੀ ਸਤੀ ਪ੍ਰਥਾ ਦਾ ਉਨ੍ਹਾਂ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਅਤੇ ਇਸਨੂੰ ਖਤਮ ਕਰਵਾਇਆ ਗਿਆ। ਗੁਰੂ ਸਾਹਿਬ ਨੇ ਇਹ ਸੰਦੇਸ਼ ਦਿੱਤਾ ਕਿ ਹਰ ਮਨੁੱਖ ਨੂੰ ਜੀਣ ਦਾ ਅਧਿਕਾਰ ਹੈ, ਚਾਹੇ ਉਹ ਪੁਰਸ਼ ਹੋਵੇ ਜਾਂ ਇਸਤਰੀ। ਇਸ ਤਰ੍ਹਾਂ ਉਨ੍ਹਾਂ ਨੇ ਇਸਤ੍ਰੀਆਂ ਨੂੰ ਸਮਾਨ ਅਧਿਕਾਰ ਦਿਵਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਅੱਗੇ ਦੱਸਿਆ ਕਿ ਗੁਰੂ ਅਮਰਦਾਸ ਜੀ ਨੇ ਗੁਰਮਤ ਦੇ ਪ੍ਰਚਾਰ ਲਈ ਮੰਜੀ ਅਤੇ ਪੀੜੀ ਪ੍ਰਣਾਲੀ ਦੀ ਸਥਾਪਨਾ ਕੀਤੀ, ਜਿਸ ਨਾਲ ਧਰਮ ਦਾ ਸੰਦੇਸ਼ ਦੂਰ-ਦੂਰ ਤੱਕ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਗੋਇੰਦਵਾਲ ਸਾਹਿਬ ਵਿੱਚ 84 ਪੌੜੀਆਂ ਵਾਲੀ ਬਾਵਲੀ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ, ਜਿੱਥੇ ਸ਼ਰਧਾ ਨਾਲ ਇਸ਼ਨਾਨ ਕਰਨ ਅਤੇ ਜਪੁਜੀ ਸਾਹਿਬ ਦਾ ਪਾਠ ਕਰਨ ਨਾਲ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਦੀ ਮਾਨਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ ਅਤੇ ਬੜੀ ਸ਼ਰਧਾ ਨਾਲ ਗੁਰਪੁਰਬ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੇ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੇ ਦੂਜੇ ਦਿਨ ਦੇ ਦੀਵਾਨ ਅੱਜ ਆਰੰਭ ਹੋਏ ਹਨ। ਅਖੀਰ ਵਿੱਚ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪਾਵਨ ਮੌਕਿਆਂ ‘ਤੇ ਗੁਰਦੁਆਰਿਆਂ ਵਿੱਚ ਪਹੁੰਚ ਕੇ ਹਾਜ਼ਰੀ ਭਰਨ, ਗੁਰਬਾਣੀ ਨਾਲ ਜੁੜਨ ਅਤੇ ਆਪਣੇ ਜੀਵਨ ਨੂੰ ਸਫਲ ਬਣਾਉਣ। ਨਾਲ ਹੀ ਉਨ੍ਹਾਂ ਵੱਲੋਂ ਇੱਕ ਵਾਰ ਫਿਰ ਸਮੂਹ ਸੰਗਤ ਨੂੰ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ।