ਗੁਰਦਾਸਪੁਰ ’ਚ ਟ੍ਰੈਫਿਕ ਜਾਮ ਤੋਂ ਲੋਕ ਪਰੇਸ਼ਾਨ/ ਫਲਾਈਓਵਰ ਦੀ ਰਿਪੇਅਰ ਨੇ ਵਧਾਈਆਂ ਮੁਸ਼ਕਿਲਾਂ/ ਦੁਕਾਨਦਾਰਾਂ ਨੇ ਟ੍ਰੈਫਿਕ ਹੱਲ ਦੀ ਕੀਤੀ ਮੰਗ

0
1

ਗੁਰਦਾਸਪੁਰ ਦੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਨੇੜੇ ਚੱਲ ਰਹੀ ਫਲਾਈਓਵਰ ਦੀ ਰਿਪੇਅਰ ਕਾਰਨ ਲੋਕਾਂ ਅਤੇ ਖਾਸ ਕਰਕੇ ਬੱਸ ਸਟੈਂਡ ਦੇ ਅੰਦਰ-ਬਾਹਰ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਰੀਬ ਪੰਜ ਦਿਨਾਂ ਤੋਂ ਫਲਾਈਓਵਰ ਦੀ ਇੱਕ ਸਾਈਡ ’ਤੇ ਆਵਾਜਾਈ ਬੰਦ ਕਰਕੇ ਟ੍ਰੈਫਿਕ ਨੂੰ ਹੇਠਾਂ ਵਾਲੀ ਸੜਕ ਰਾਹੀਂ ਡਾਇਵਰਟ ਕੀਤਾ ਗਿਆ ਹੈ। ਸ਼ੁਰੂਆਤ ਵਿੱਚ ਇਹ ਅਫਵਾਹ ਫੈਲ ਗਈ ਸੀ ਕਿ ਫਲਾਈਓਵਰ ਦਾ ਇੱਕ ਹਿੱਸਾ ਬੈਠ ਗਿਆ ਹੈ, ਜਿਸ ਕਾਰਨ ਗੁਰਦਾਸਪੁਰ ਤੋਂ ਪਠਾਨਕੋਟ ਵੱਲ ਜਾਣ ਵਾਲੀ ਵਨ-ਵੇ ਆਵਾਜਾਈ ਬੰਦ ਕੀਤੀ ਗਈ ਹੈ। ਹਾਲਾਂਕਿ ਬਾਅਦ ਵਿੱਚ ਸਾਹਮਣੇ ਆਇਆ ਕਿ ਫਲਾਈਓਵਰ ਦੇ ਬੈਠਣ ਦੀ ਗੱਲ ਨਹੀਂ ਹੈ, ਸਗੋਂ ਸੁਰੱਖਿਆ ਦੇ ਮੱਦੇਨਜ਼ਰ ਇਸ ਦੀ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਹੈ।

ਰਿਪੇਅਰ ਕਾਰਨ ਪਠਾਨਕੋਟ ਅਤੇ ਮੁਕੇਰੀਆਂ ਵੱਲ ਜਾਣ ਵਾਲੀ ਆਵਾਜਾਈ ਨੂੰ ਫਲਾਈਓਵਰ ਦੇ ਹੇਠਾਂ ਤੋਂ ਕੱਢਿਆ ਜਾ ਰਿਹਾ ਹੈ। ਇਸ ਰੂਟ ’ਤੇ ਪਹਿਲਾਂ ਹੀ ਕਾਫ਼ੀ ਟ੍ਰੈਫਿਕ ਹੋਣ ਕਾਰਨ ਵਾਹਨ ਚਾਲਕਾਂ ਨੂੰ ਜਾਮ ਅਤੇ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਇਸ ਦਾ ਸਭ ਤੋਂ ਵੱਧ ਅਸਰ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ’ਤੇ ਪਿਆ ਹੈ। ਰਿਪੇਅਰ ਕਾਰਨ ਬੱਸਾਂ ਬੱਸ ਸਟੈਂਡ ਦੇ ਅੰਦਰ ਨਹੀਂ ਜਾ ਰਹੀਆਂ ਅਤੇ ਸਵਾਰੀਆਂ ਨੂੰ ਬਾਹਰ ਵੱਖ-ਵੱਖ ਚੌਕਾਂ ਵਿੱਚ ਉਤਾਰਿਆ ਜਾ ਰਿਹਾ ਹੈ। ਇਸ ਕਾਰਨ ਬੱਸ ਸਟੈਂਡ ਦੇ ਅੰਦਰ ਅਤੇ ਬਾਹਰ ਦੁਕਾਨਾਂ ਕਰਨ ਵਾਲੇ ਕਾਰੋਬਾਰੀਆਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਦੁਕਾਨਦਾਰਾਂ ਮੁਤਾਬਕ ਉਹ ਹਰ ਮਹੀਨੇ 40 ਤੋਂ 50 ਹਜ਼ਾਰ ਰੁਪਏ ਤੱਕ ਦਾ ਠੇਕਾ ਜਾਂ ਕਿਰਾਇਆ ਅਦਾ ਕਰਦੇ ਹਨ, ਪਰ ਪਿਛਲੇ ਪੰਜ ਦਿਨਾਂ ਤੋਂ ਬੱਸ ਸਟੈਂਡ ਵਿੱਚ ਸਵਾਰੀਆਂ ਨਾ ਆਉਣ ਕਾਰਨ ਉਨ੍ਹਾਂ ਦੀ ਵਿਕਰੀ ਲਗਭਗ ਠੱਪ ਹੋ ਗਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਰਿਪੇਅਰ ਦਾ ਕੰਮ ਹੋਰ 15 ਦਿਨ ਚੱਲਦਾ ਹੈ ਤਾਂ ਉਨ੍ਹਾਂ ਲਈ ਦੁਕਾਨਾਂ ਦਾ ਕਿਰਾਇਆ ਅਤੇ ਹੋਰ ਖਰਚੇ ਕੱਢਣਾ ਵੀ ਮੁਸ਼ਕਿਲ ਹੋ ਜਾਵੇਗਾ। ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਿਪੇਅਰ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਉਦੋਂ ਤੱਕ ਟ੍ਰੈਫਿਕ ਦਾ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਬੱਸਾਂ ਮੁੜ ਬੱਸ ਸਟੈਂਡ ਦੇ ਅੰਦਰ ਆ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਵਾਰੀਆਂ ਨੂੰ ਵੀ ਸਹੂਲਤ ਮਿਲੇਗੀ ਅਤੇ ਬੱਸ ਸਟੈਂਡ ਦੇ ਦੁਕਾਨਦਾਰ ਮੁੜ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਹੋ ਸਕਣਗੇ।

LEAVE A REPLY

Please enter your comment!
Please enter your name here