ਪਾਕਿਸਤਾਨ ’ਚ ਸ਼ਰਧਾਲੂ ਲਾਪਤਾ ਮਾਮਲੇ ’ਚ ਨਵਾਂ ਅਪਡੇਟ/ ਲਾਪਤਾ ਸਖਸ਼ ਦੇ ਪੁੱਤਰ ਵੱਲੋਂ ਜਥੇ ਨਾਲ ਹੋਣ ਦਾ ਦਾਅਵਾ/ ਲਾਪਤਾ ਹੋਣ ਦੀ ਖ਼ਬਰ ਨੂੰ ਦੱਸਿਆ ਕੋਰੀ ਅਫ਼ਵਾਹ

0
2

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਏ ਤਿੰਨ ਸਿੱਖ ਸ਼ਰਧਾਲੂਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ਦੇ ਤੇਜ ਨਗਰ ਚੌਕ ਇਲਾਕੇ ਨਾਲ ਸਬੰਧਤ ਬਿਕਰਮਜੀਤ ਸਿੰਘ ਦੇ ਪਰਿਵਾਰ ਨੇ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਬਿਕਰਮਜੀਤ ਸਿੰਘ ਦੇ ਪੁੱਤਰ ਚਰਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਪਿਤਾ ਬਿਲਕੁਲ ਸੁਰੱਖਿਅਤ ਹਨ ਅਤੇ ਪਾਕਿਸਤਾਨ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਮੌਜੂਦ ਹਨ।

ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਸ ਦੀ ਆਪਣੇ ਪਿਤਾ ਨਾਲ ਗੱਲਬਾਤ ਹੋਈ ਹੈ। ਚਰਨਜੀਤ ਸਿੰਘ ਮੁਤਾਬਕ ਉਸ ਦੇ ਪਿਤਾ ਕੋਲ ਭਾਰਤੀ ਨੰਬਰ ਵਾਲਾ ਮੋਬਾਈਲ ਫੋਨ ਹੈ ਅਤੇ ਉਹ ਵਾਈ-ਫਾਈ ਰਾਹੀਂ ਲਗਾਤਾਰ ਪਰਿਵਾਰ ਦੇ ਸੰਪਰਕ ਵਿੱਚ ਹਨ। ਉਸ ਨੇ ਦੱਸਿਆ ਕਿ ਜਦੋਂ ਬਿਕਰਮਜੀਤ ਸਿੰਘ ਨੂੰ ਆਪਣੇ ਲਾਪਤਾ ਹੋਣ ਸਬੰਧੀ ਖ਼ਬਰਾਂ ਬਾਰੇ ਪਤਾ ਲੱਗਾ ਤਾਂ ਉਹ ਵੀ ਇਹ ਸੁਣ ਕੇ ਕਾਫ਼ੀ ਮਾਨਸਿਕ ਤੌਰ ’ਤੇ ਪਰੇਸ਼ਾਨ ਹੋਏ।

ਪਰਿਵਾਰ ਨੇ ਦਾਅਵਾ ਕੀਤਾ ਕਿ ਬਿਕਰਮਜੀਤ ਸਿੰਘ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਗੁਰਦੁਆਰਾ ਸਾਹਿਬ ਵਿਖੇ ਗਏ ਹਨ ਅਤੇ ਜਥੇ ਨਾਲ ਹੀ ਸੁਰੱਖਿਅਤ ਵਾਪਸ ਪਰਤਣਗੇ। ਚਰਨਜੀਤ ਸਿੰਘ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਗੁੰਮਰਾਹਕੁੰਨ ਜਾਣਕਾਰੀ ਫੈਲਾਈ ਗਈ ਹੈ, ਜਿਸ ਕਾਰਨ ਪੂਰਾ ਪਰਿਵਾਰ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਿਹਾ ਹੈ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਕਰਮਜੀਤ ਸਿੰਘ ਦੇ ਲਾਪਤਾ ਹੋਣ ਸਬੰਧੀ ਕਿਸੇ ਵੀ ਅਪੁਸ਼ਟ ਖ਼ਬਰ ’ਤੇ ਵਿਸ਼ਵਾਸ ਨਾ ਕੀਤਾ ਜਾਵੇ।

LEAVE A REPLY

Please enter your comment!
Please enter your name here