ਪੰਜਾਬ ਫਰੀਦਕੋਟ ’ਚ ਛੇ ਸਾਲਾ ਬੱਚੇ ਦਾ ਕਤਲ/ ਹੱਥ-ਪੈਰ ਬੰਨ ਕੇ ਨਹਿਰ ’ਚ ਸੁੱਟੀ ਲਾਸ਼/ ਪੁਲਿਸ ਕਰ ਰਹੀ ਜਾਂਚ By admin - October 3, 2026 0 1 Facebook Twitter Pinterest WhatsApp ਫਰੀਦਕੋਟ ਵਿਖੇ ਇੱਕ ਛੇ ਸਾਲਾ ਅਣਪਛਾਤੇ ਬੱਚੇ ਦਾ ਕਤਲ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਬੱਚੇ ਦੀ ਲਾਸ਼ ਪਿੰਡ ਟਹਿਣਾ ਨੇੜਿਓਂ ਲੰਘਦੀ ਨਹਿਰ ਵਿਚੋਂ ਬਰਾਮਦ ਹੋਈ ਹੈ। ਲਾਸ਼ ਦੇ ਹੱਥ-ਪੈਰ ਬੰਨੇ ਹੋਏ ਸਨ, ਜਿਸ ਤੋਂ ਕਤਲ ਕਰ ਕੇ ਲਾਸ਼ ਨਹਿਰ ਵਿਚ ਸੁੱਟੇ ਜਾਣ ਦਾ ਸ਼ੱਕ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਮੁੱਢਲੀ ਜਾਂਚ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਟਹਿਣਾ ਦੇ ਚੌਕੀਦਾਰ ਜਗਸੀਰ ਸਿੰਘ ਨੇ ਸਦਰ ਫਰੀਦਕੋਟ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਕਿ ਪਿੰਡ ਵਿੱਚੋਂ ਲੰਘਦੀ ਨਹਿਰ ਵਿੱਚ ਇੱਕ ਪੁਲ ਦੇ ਕੋਲ ਇੱਕ ਬੱਚੇ ਦੀ ਲਾਸ਼ ਫਸੀ ਹੋਈ ਹੈ। ਸੂਚਨਾ ਮਿਲਣ ‘ਤੇ ਸਬ-ਇੰਸਪੈਕਟਰ ਸਤਪਾਲ ਸਿੰਘ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਸਹਾਰਾ ਸੁਸਾਇਟੀ ਦੇ ਵਰਕਰਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਕੱਢਿਆ ਗਿਆ। ਪੁਲਿਸ ਅਨੁਸਾਰ ਬੱਚਾ ਲਗਭਗ 6 ਸਾਲ ਦਾ ਹੈ। ਉਸਨੇ ਖਾਕੀ ਟੀ-ਸ਼ਰਟ, ਕਾਲੀ ਹਾਫ ਪੈਂਟ ਅਤੇ ਸੈਂਡਲ ਪਾਏ ਹੋਏ ਸਨ। ਉਸਦੇ ਹੱਥ-ਪੈਰ ਲੋਹੇ ਦੀਆਂ ਬਾਰੀਕ ਤਾਰਾਂ ਨਾਲ ਬੰਨ੍ਹੇ ਹੋਏ ਮਿਲੇ। ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਸ਼ੱਕ ਹੈ ਕਿ ਬੱਚੇ ਨੂੰ ਮਾਰਨ ਤੋਂ ਬਾਅਦ, ਉਸਦੀ ਪਛਾਣ ਲੁਕਾਉਣ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਉਸਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਕਿਹਾ ਕਿ ਪਿੰਡ ਦੇ ਚੌਕੀਦਾਰ ਦੇ ਬਿਆਨ ‘ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਬੱਚੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਲੇ ਦੁਆਲੇ ਦੇ ਸਾਰੇ ਥਾਣਿਆਂ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਬੱਚੇ ਦੀ ਪਛਾਣ ਹੋਣ ਤੋਂ ਬਾਅਦ ਹੀ ਜਾਂਚ ਅੱਗੇ ਵਧੇਗੀ। ਬੱਚੇ ਦਾ ਡੀਐਨਏ ਵੀ ਲਿਆ ਜਾਵੇਗਾ।