
ਅੰਮ੍ਰਿਤਸਰ ਵਿੱਚ ਸ਼ਕਤੀ ਬੱਸ ਸਰਵਿਸ ਦੀਆਂ ਬੱਸਾਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰੂਟ ਤੋਂ ਵਾਪਸ ਆਉਣ ਤੋਂ ਬਾਅਦ ਸ਼ਕਤੀ ਬੱਸ ਸਰਵਿਸ ਦੀਆਂ ਬੱਸਾਂ ਰਾਤ ਸਮੇਂ ਖੜ੍ਹੀਆਂ ਸਨ। ਇਸੇ ਦੌਰਾਨ ਰਾਤ ਕਰੀਬ 11 ਵੱਜ ਕੇ 40 ਮਿੰਟ ‘ਤੇ ਬੱਸਾਂ ਨੂੰ ਅੱਗ ਲੱਗਣ ਦੀ ਸੂਚਨਾ ਕੰਪਨੀ ਦੇ ਕੈਸ਼ੀਅਰ ਬਲਤੇਜ ਸਿੰਘ ਵੱਲੋਂ ਪ੍ਰਬੰਧਕ ਨੂੰ ਦਿੱਤੀ ਗਈ। ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੀ ਸਮਾਂ ਰਹਿੰਦੇ ਕਾਰਵਾਈ ਕਾਰਨ ਦੋ ਹੋਰ ਬੱਸਾਂ ਦਾ ਬਚਾਅ ਹੋ ਗਿਆ ਹੈ।
ਬੁਲਾਰੇ ਮੁਤਾਬਕ ਜਦੋਂ ਉਨ੍ਹਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਟਰਾਂਸਪੋਰਟ ਦੇ ਮੁਲਾਜ਼ਮਾਂ ਵੱਲੋਂ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਪਹੁੰਚੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫੀ ਮਿਹਨਤ ਕਰਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਬੱਸ ਸਰਵਿਸ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਸੀਸੀਟੀਵੀ ਕੈਮਰਿਆਂ ਵਿੱਚ ਸਾਹਮਣੇ ਆਈ ਘਟਨਾ ਦੇ ਮੁਤਾਬਕ ਪਹਿਲਾਂ ਇੱਕ ਬੱਸ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ। ਬੱਸ ਦੇ ਅੰਦਰ ਸੀਟਾਂ ਅਤੇ ਹੋਰ ਫਾਈਬਰ ਵਾਲੇ ਹਿੱਸਿਆਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।
ਬੁਲਾਰੇ ਅਨੁਸਾਰ ਬੱਸ ਦੇ ਅੰਦਰ ਅੱਗ ਫੈਲਣ ਤੋਂ ਬਾਅਦ ਕਥਿਤ ਤੌਰ ‘ਤੇ ਬੱਸ ਆਪਣੇ ਆਪ ਚੱਲ ਪਈ ਅਤੇ ਅੱਗੇ ਖੜ੍ਹੀ ਦੂਜੀ ਬੱਸ ਨਾਲ ਜਾ ਟਕਰਾਈ। ਇਸ ਤੋਂ ਬਾਅਦ ਦੂਜੀ ਬੱਸ ਵੀ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਦੋਵੇਂ ਬੱਸਾਂ ਨੂੰ ਭਾਰੀ ਨੁਕਸਾਨ ਹੋਇਆ। ਬੁਲਾਰੇ ਨੇ ਕਿਹਾ ਕਿ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਅਤੇ ਜਾਂਚ ਤੋਂ ਬਾਅਦ ਹੀ ਘਟਨਾ ਦੀ ਸਹੀ ਤਸਵੀਰ ਸਾਹਮਣੇ ਆ ਸਕੇਗੀ। ਨੁਕਸਾਨ ਬਾਰੇ ਪੁੱਛੇ ਜਾਣ ‘ਤੇ ਬੱਸ ਸਰਵਿਸ ਦੇ ਬੁਲਾਰੇ ਨੇ ਕਿਹਾ ਕਿ ਫਿਲਹਾਲ ਕੁੱਲ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਬੱਸਾਂ ਦੀ ਕੀਮਤ ਮਾਡਲ ਦੇ ਹਿਸਾਬ ਨਾਲ ਵੱਖ-ਵੱਖ ਹੁੰਦੀ ਹੈ ਅਤੇ ਇਸ ਸਮੇਂ ਕੰਪਨੀ ਪ੍ਰਬੰਧਨ ਖੁਦ ਇਸ ਘਟਨਾ ਕਾਰਨ ਪਰੇਸ਼ਾਨੀ ਵਿੱਚ ਹੈ। ਬੁਲਾਰੇ ਨੇ ਦੱਸਿਆ ਕਿ ਪਿਛਲੇ ਕਰੀਬ 30 ਸਾਲਾਂ ਤੋਂ ਇਸ ਥਾਂ ‘ਤੇ ਬੱਸਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਹਿਲਾਂ ਕਦੇ ਅਜਿਹੀ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਪਹਿਲੀ ਵਾਰ ਵਾਪਰੀ ਇੱਕ ਬੇਹੱਦ ਦੁਖਦਾਈ ਘਟਨਾ ਹੈ।
ਉਨ੍ਹਾਂ ਕਿਹਾ ਕਿ ਬੱਸ ਸਰਵਿਸ ਸਿਰਫ਼ ਇੱਕ ਕਾਰੋਬਾਰ ਨਹੀਂ, ਸਗੋਂ ਇਸ ਨਾਲ ਕਈ ਮੁਲਾਜ਼ਮਾਂ ਦਾ ਰੁਜ਼ਗਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਦੋ ਬੱਸਾਂ ਦੇ ਨੁਕਸਾਨ ਕਾਰਨ ਕੰਪਨੀ ਦੇ ਨਾਲ-ਨਾਲ ਉਨ੍ਹਾਂ ਮੁਲਾਜ਼ਮਾਂ ‘ਤੇ ਵੀ ਅਸਰ ਪੈਣ ਦੀ ਚਿੰਤਾ ਹੈ।ਇਸ ਘਟਨਾ ਦੌਰਾਨ ਸਥਾਨਕ ਲੋਕਾਂ ਵੱਲੋਂ ਵੀ ਬੱਸ ਸਰਵਿਸ ਦੇ ਮੁਲਾਜ਼ਮਾਂ ਦਾ ਸਾਥ ਦਿੱਤਾ ਗਿਆ। ਬੁਲਾਰੇ ਮੁਤਾਬਕ ਲੋਕਾਂ ਅਤੇ ਆਮ ਜਨਤਾ ਦੇ ਸਹਿਯੋਗ ਨਾਲ ਨੇੜੇ ਖੜ੍ਹੀਆਂ ਦੋ ਹੋਰ ਬੱਸਾਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਿਆ ਗਿਆ। ਬੁਲਾਰੇ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਸਥਾਨਕ ਲੋਕਾ ਦਾ ਸਹਿਯੋਗ ਲਈ ਧੰਨਵਾਦ ਕੀਤਾ।

