ਅੰਮ੍ਰਿਤਸਰ ਵਿਖੇ ਸਾਂਸਦ ਸਾਹਨੀ ਵੱਲੋਂ ‘ਪੰਜਾਬ ਚਿੰਤਨ ਬੈਠਕ’/ 40 ਤੋਂ ਵੱਧ ਸੰਤਾਂ ਮਹਾਂਪੁਰਸ਼ਾਂ ਨੇ ਲਿਆ ਹਿੱਸਾ/ ਪੰਜਾਬ ਅੰਦਰ ਨਸ਼ੇ ਤੇ ਧਰਮ ਪਰਿਵਰਤਨ ’ਤੇ ਕੀਤਾ ਮੰਥਨ

0
1

ਪੰਜਾਬ ਵਿੱਚ ਵਧ ਰਹੀ ਨਸ਼ੇ ਦੀ ਸਮੱਸਿਆ, ਧਰਮ ਪਰਿਵਰਤਨ ਅਤੇ ਸਮਾਜਿਕ ਕੁਰੀਤੀਆਂ ਨੂੰ ਲੈ ਕੇ ਅੰਮ੍ਰਿਤਸਰ ਵਿੱਚ ‘ਪੰਜਾਬ ਚਿੰਤਨ ਬੈਠਕ’ ਦਾ ਆਯੋਜਨ ਕੀਤਾ ਗਿਆ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਹੇਠ ਹੋਈ ਬੈਠਕ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 40 ਤੋਂ ਵੱਧ ਸੰਤਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਬੈਠਕ ਦੌਰਾਨ ਪੰਜਾਬ ਦੇ ਮੌਜੂਦਾ ਸਮਾਜਿਕ ਹਾਲਾਤ ’ਤੇ ਗੰਭੀਰ ਮੰਥਨ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ, ਧਰਮ ਪਰਿਵਰਤਨ ਦੇ ਕਾਰਨਾਂ ਨੂੰ ਸਮਝਣ ਅਤੇ ਸਮਾਜ ਵਿੱਚ ਮੌਜੂਦ ਭੇਦਭਾਵ ਨੂੰ ਖ਼ਤਮ ਕਰਨ ’ਤੇ ਜ਼ੋਰ ਦਿੱਤਾ ਗਿਆ।
ਮੀਡੀਆ ਨਾਲ ਗੱਲਬਾਤ ਦੌਰਾਨ ਵਿਕਰਮਜੀਤ ਸਿੰਘ ਸਾਹਨੀ ਨੇ ਧਰਮ ਪਰਿਵਰਤਨ ਨੂੰ ਲੈ ਕੇ ਦਾਅਵਾ ਕੀਤਾ ਕਿ ਉਨ੍ਹਾਂ ਅਨੁਸਾਰ ਪੰਜਾਬ ਵਿੱਚ ਹੁਣ ਤੱਕ ਕਰੀਬ 25 ਤੋਂ 30 ਲੱਖ ਲੋਕਾਂ ਦਾ ਧਰਮ ਪਰਿਵਰਤਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮਾਝਾ ਅਤੇ ਦੋਆਬਾ ਵਰਗੇ ਖੇਤਰਾਂ ਵਿੱਚ ਇਸ ਮੁੱਦੇ ਨੂੰ ਵਿਸ਼ੇਸ਼ ਤੌਰ ’ਤੇ ਗੰਭੀਰਤਾ ਨਾਲ ਦੇਖਣ ਦੀ ਲੋੜ ਹੈ। ਸਾਹਨੀ ਨੇ ਕਿਹਾ ਕਿ ਧਰਮ ਪਰਿਵਰਤਨ ਪਿੱਛੇ ਅੰਧਵਿਸ਼ਵਾਸ, ਚਮਤਕਾਰਾਂ ਅਤੇ ਬਿਮਾਰੀਆਂ ਠੀਕ ਕਰਨ ਦੇ ਦਾਅਵਿਆਂ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਲਾਲਚ ਵੀ ਇੱਕ ਕਾਰਨ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ‘ਸਰਬੱਤ ਦਾ ਭਲਾ’ ਅਤੇ ਸਾਰੇ ਧਰਮਾਂ ਦੇ ਸਤਿਕਾਰ ਦਾ ਸੰਦੇਸ਼ ਦਿੰਦਾ ਹੈ, ਪਰ ਲੋਕਾਂ ਦੀਆਂ ਮਜਬੂਰੀਆਂ ਅਤੇ ਸਮਾਜਿਕ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਧਰਮ ਪਰਿਵਰਤਨ ਕਰਵਾਉਣਾ ਚਿੰਤਾ ਦਾ ਵਿਸ਼ਾ ਹੈ। ਸਾਹਨੀ ਨੇ ਕਿਹਾ ਕਿ ਇਸ ਮੁੱਦੇ ’ਤੇ ਸਿੱਖ ਸੰਸਥਾਵਾਂ ਅਤੇ ਸਮਾਜ ਨੂੰ ਵੀ ਆਤਮ-ਮੰਥਨ ਕਰਦਿਆਂ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ਹੈ।
ਬੈਠਕ ਵਿੱਚ ਸਮਾਜ ਅੰਦਰ ਮੌਜੂਦ ਛੂਆਛਾਤ ਅਤੇ ਭੇਦਭਾਵ ਦੇ ਮੁੱਦੇ ’ਤੇ ਵੀ ਚਰਚਾ ਕੀਤੀ ਗਈ। ਸਾਹਨੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਬਰਾਬਰੀ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਸੀ, ਪਰ ਅੱਜ ਵੀ ਕੁਝ ਥਾਵਾਂ ’ਤੇ ਵੱਖਰੇ ਗੁਰਦੁਆਰੇ ਅਤੇ ਵੱਖਰੇ ਸ਼ਮਸ਼ਾਨ ਘਾਟ ਵਰਗੀਆਂ ਵਿਵਸਥਾਵਾਂ ਦੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਮਾਜਿਕ ਦੂਰੀ ਨੂੰ ਖ਼ਤਮ ਕਰਨਾ ਜ਼ਰੂਰੀ ਹੈ, ਕਿਉਂਕਿ ਇਸ ਕਾਰਨ ਵਾਂਝੇ ਅਤੇ ਦਲਿਤ ਵਰਗ ਵਿੱਚ ਉਪੇਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੈਠਕ ਵਿੱਚ ਪਿੰਡਾਂ ਅਤੇ ਸਮਾਜ ਵਿੱਚੋਂ ਛੂਆਛਾਤ ਖ਼ਤਮ ਕਰਨ ਅਤੇ ਸਾਰੇ ਵਰਗਾਂ ਨੂੰ ਬਰਾਬਰ ਸਤਿਕਾਰ ਦੇਣ ਸਬੰਧੀ ਮਤੇ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰੇਕ ਗੁਰਦੁਆਰਾ ਸਾਹਿਬ ਬਿਨਾਂ ਕਿਸੇ ਭੇਦਭਾਵ ਦੇ ਹਰ ਵਿਅਕਤੀ ਲਈ ਖੁੱਲ੍ਹਾ ਹੋਣਾ ਚਾਹੀਦਾ ਹੈ ਅਤੇ ਸਮਾਜ ਨੂੰ ਗੁਰੂ ਸਾਹਿਬਾਨ ਦੇ ਬਰਾਬਰੀ ਦੇ ਸੰਦੇਸ਼ ’ਤੇ ਚੱਲਣਾ ਚਾਹੀਦਾ ਹੈ।
ਨਸ਼ਿਆਂ ਦੇ ਮੁੱਦੇ ’ਤੇ ਸਾਹਨੀ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ 30 ਲੱਖ ਤੋਂ ਵੱਧ ਨੌਜਵਾਨ ਕਿਸੇ ਨਾ ਕਿਸੇ ਰੂਪ ਵਿੱਚ ਨਸ਼ਿਆਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਓਟ (OOAT) ਕਲੀਨਿਕਾਂ ਅਤੇ ਡੀ-ਐਡਿਕਸ਼ਨ ਸੈਂਟਰਾਂ ’ਤੇ ਵਧ ਰਹੇ ਦਬਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਿਰਫ਼ ਕਾਰਵਾਈ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਨੌਜਵਾਨਾਂ ਦੇ ਇਲਾਜ, ਮੁੜ ਵਸੇਬੇ ਅਤੇ ਰੁਜ਼ਗਾਰ ਵੱਲ ਵੀ ਬਰਾਬਰ ਧਿਆਨ ਦੇਣਾ ਹੋਵੇਗਾ। ਸਾਹਨੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਆ, ਹੁਨਰ ਅਤੇ ਰੁਜ਼ਗਾਰ ਨਾਲ ਜੋੜਨਾ ਨਸ਼ਿਆਂ ਅਤੇ ਪਲਾਇਨ ਦੀ ਸਮੱਸਿਆ ਨਾਲ ਨਜਿੱਠਣ ਦਾ ਮਹੱਤਵਪੂਰਨ ਸਾਧਨ ਬਣ ਸਕਦਾ ਹੈ। ਇਸੇ ਮਕਸਦ ਨਾਲ ਬੈਠਕ ਵਿੱਚ ‘ਸਿੱਖਿਆ ਲੰਗਰ’ ਮੁਹਿੰਮ ਨੂੰ ਅੱਗੇ ਵਧਾਉਣ ’ਤੇ ਜ਼ੋਰ ਦਿੱਤਾ ਗਿਆ। ਇਸ ਤਹਿਤ ਲੋੜਵੰਦ ਅਤੇ ਦਲਿਤ ਵਰਗ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ, ਫੀਸ ਵਿੱਚ ਸਹਾਇਤਾ, ਸਕਿੱਲ ਟ੍ਰੇਨਿੰਗ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ।
ਸਾਹਨੀ ਨੇ ਕਿਹਾ ਕਿ ਗੁਰਦੁਆਰਿਆਂ ਅਤੇ ਧਾਰਮਿਕ ਸੰਸਥਾਵਾਂ ਦੀ ਭੂਮਿਕਾ ਸਿਰਫ਼ ਧਾਰਮਿਕ ਗਤੀਵਿਧੀਆਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਨੌਜਵਾਨਾਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਸਿੱਖਿਆ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਵੀ ਪਹਿਲਕਦਮੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸੰਤਾਂ ਦੀ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਨੈੱਟਵਰਕ ਤਿਆਰ ਕਰਨ ’ਤੇ ਵੀ ਵਿਚਾਰ ਕੀਤਾ ਗਿਆ ਹੈ, ਤਾਂ ਜੋ ਇਨ੍ਹਾਂ ਮਤਿਆਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਤੱਕ ਪਹੁੰਚਾਇਆ ਜਾ ਸਕੇ। ਬੈਠਕ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਪੰਜਾਬ ਦੀਆਂ ਸਮਾਜਿਕ ਚੁਣੌਤੀਆਂ ਦਾ ਹੱਲ ਸਾਂਝੇ ਯਤਨਾਂ ਨਾਲ ਹੀ ਸੰਭਵ ਹੈ। ਨਸ਼ਿਆਂ ਖ਼ਿਲਾਫ਼ ਮੁਹਿੰਮ, ਧਰਮ ਪਰਿਵਰਤਨ ਦੇ ਕਾਰਨਾਂ ’ਤੇ ਚਰਚਾ, ਛੂਆਛਾਤ ਦਾ ਖ਼ਾਤਮਾ ਅਤੇ ਨੌਜਵਾਨਾਂ ਨੂੰ ਸਿੱਖਿਆ ਤੇ ਰੁਜ਼ਗਾਰ ਨਾਲ ਜੋੜਨਾ ਬੈਠਕ ਦੇ ਮੁੱਖ ਮੁੱਦੇ ਰਹੇ।

LEAVE A REPLY

Please enter your comment!
Please enter your name here