ਪੰਜਾਬ ਖੰਨਾ ਪੁਲਿਸ ਵੱਲੋਂ ਅੰਤਰਰਾਜੀ ਲੁੱਟ ਗਿਰੋਹ ਦਾ ਪਰਦਾਫਾਸ਼/ ਟਰੱਕ ਡਰਾਈਵਰਾਂ ਨੂੰ ਬੰਦੀ ਬਣਾ ਕੇ ਕਰਦੇ ਸੀ ਲੁੱਟ/ ਮਾਸਟਰਮਾਈਂਡ 1700 ਕਿਲੋਮੀਟਰ ਦੂਰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ By admin - September 15, 2026 0 2 Facebook Twitter Pinterest WhatsApp ਖੰਨਾ ਪੁਲਿਸ ਨੇ ਟਰੱਕਾਂ ਨੂੰ ਲੁੱਟਣ ਅਤੇ ਚੋਰੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸਦੇ ਮਾਸਟਰਮਾਈਂਡ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਿਰੋਹ ਦਾ ਮਾਸਟਰਮਾਈਂਡ ਤਰੁਣ ਕੁਮਾਰ ਉਰਫ਼ ਤਰੁਣ ਸਿੰਘ, ਵਾਸੀ ਡੱਬੂਆ ਕਲੋਨੀ ਫਰੀਦਾਬਾਦ ਨੂੰ ਪੁਲਿਸ ਨੇ ਕਰੀਬ 1700 ਕਿਲੋਮੀਟਰ ਦੂਰ ਪੱਛਮੀ ਬੰਗਾਲ ਦੇ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ। ਇਹ ਗਰੋਹ ਟਰੱਕ ਡਰਾਈਵਰਾਂ ਨੂੰ ਬੰਦੀ ਬਣਾ ਕੇ ਲੁੱਟ ਦੀ ਵਾਰਦਾਤ ਅੰਜ਼ਾਮ ਦਿੰਦਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕਰੀਬ 30 ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ ਹੈ। ਖੰਨਾ ਦੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 30 ਅਗਸਤ ਨੂੰ ਰਾਜਪੁਰਾ ਦੇ ਟਰਾਂਸਪੋਰਟਰ ਸੁਮਿਤ ਸਹਿਗਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਕੰਪਨੀ ਦਾ ਸਕਰੈਪ ਨਾਲ ਭਰਿਆ ਟਰੱਕ 29 ਅਗਸਤ ਦੀ ਰਾਤ ਨੂੰ ਥਾਣਾ ਸਦਰ ਖੰਨਾ ਦੇ ਇਲਾਕੇ ਵਿੱਚੋਂ ਲੁੱਟ ਲਿਆ ਗਿਆ। ਕਰੀਬ ਪੰਜ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਨੇ ਟਰੱਕ ਡਰਾਈਵਰ ਬਚਨ ਸਿੰਘ ਨੂੰ ਅਗਵਾ ਕਰਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਸੁੰਨਸਾਨ ਜਗ੍ਹਾ ’ਤੇ ਛੱਡ ਦਿੱਤਾ। ਇਸ ਤੋਂ ਬਾਅਦ ਉਹ ਸਕਰੈਪ ਨਾਲ ਭਰਿਆ ਟਰੱਕ ਲੈ ਕੇ ਫਰਾਰ ਹੋ ਗਏ। ਵਾਰਦਾਤ ਦੀ ਗੰਭੀਰਤਾ ਨੂੰ ਦੇਖਦਿਆਂ ਐਸਐਸਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਜਾਂਚ ਦੌਰਾਨ ਪੁਲਿਸ ਨੇ ਸਭ ਤੋਂ ਪਹਿਲਾਂ ਚੇਤਨ ਕੁਮਾਰ ਲਾਡੀ ਅਤੇ ਉਸ ਦੇ ਪਿਤਾ ਪ੍ਰੇਮ ਪ੍ਰਕਾਸ਼, ਵਾਸੀ ਭਾਮੀਆਂ, ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਦੋਵਾਂ ਨੇ ਖੁਲਾਸਾ ਕੀਤਾ ਕਿ ਗਿਰੋਹ ਦਾ ਮਾਸਟਰਮਾਈਂਡ ਤਰੁਣ ਕੁਮਾਰ ਉਰਫ਼ ਤਰੁਣ ਸਿੰਘ ਹੈ ਅਤੇ ਉਸ ਦੀ ਅਗਵਾਈ ਹੇਠ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਪੁਲਿਸ ਨੂੰ ਪਤਾ ਲੱਗਾ ਕਿ ਤਰੁਣ ਕੁਮਾਰ ਆਪਣਾ ਟਿਕਾਣਾ ਛੱਡ ਕੇ ਪੱਛਮੀ ਬੰਗਾਲ ਭੱਜ ਗਿਆ ਹੈ। ਤਕਨੀਕੀ ਸਾਧਨਾਂ ਰਾਹੀਂ ਪੁਲਿਸ ਨੇ ਉਸ ਦੀ ਲੋਕੇਸ਼ਨ ਟਰੇਸ ਕੀਤੀ ਅਤੇ ਰੇਲਵੇ ਪੁਲਿਸ ਦੀ ਮਦਦ ਲਈ। ਮੁਲਜ਼ਮ ਨੇ ਲੁਧਿਆਣਾ ਵਾਸੀ ਜਸਪ੍ਰੀਤ ਸਿੰਘ ਦੇ ਨਾਮ ’ਤੇ ਫਰਜ਼ੀ ਪਛਾਣ ਦੇ ਆਧਾਰ ’ਤੇ ਰੇਲ ਟਿਕਟ ਬੁੱਕ ਕਰਵਾਈ ਹੋਈ ਸੀ ਅਤੇ ਪੱਛਮੀ ਬੰਗਾਲ ਤੋਂ ਅੱਗੇ ਫਰਾਰ ਹੋਣ ਦੀ ਤਿਆਰੀ ਵਿੱਚ ਸੀ। ਪੁਲਿਸ ਨੇ ਉਸ ਨੂੰ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ। ਮੁਲਜ਼ਮ ਕੋਲੋਂ ਸਕਰੈਪ ਵੇਚ ਕੇ ਹਾਸਲ ਕੀਤੇ 1.10 ਲੱਖ ਰੁਪਏ ਬਰਾਮਦ ਕੀਤੇ ਗਏ। ਖੰਨਾ ਪੁਲਿਸ ਉਸ ਨੂੰ ਪੱਛਮੀ ਬੰਗਾਲ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਏਅਰਪੋਰਟ ਲੈ ਕੇ ਪਹੁੰਚੀ। ਇਸ ਤੋਂ ਬਾਅਦ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਲੁੱਟਿਆ ਗਿਆ ਟਰੱਕ ਹਰਿਆਣਾ ਦੇ ਚੀਕਾ ਤੋਂ ਬਰਾਮਦ ਕੀਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਲੁੱਟੇ ਗਏ ਟਰੱਕ ਵਿੱਚ ਕਰੀਬ ਸਾਢੇ ਚਾਰ ਲੱਖ ਰੁਪਏ ਦਾ ਸਕਰੈਪ ਸੀ। ਪੁਲਿਸ ਮੁਤਾਬਕ ਇਹ ਮਾਲ ਹਰਿਆਣਾ ਦੇ ਗੁੜਗਾਓਂ ਵਾਸੀ ਸਕਰੈਪ ਕਾਰੋਬਾਰੀ ਗਣੇਸ਼ ਕੁਮਾਰ ਅਤੇ ਉਸ ਦੇ ਪੁੱਤਰ ਵਿਕਾਸ ਰਾਏ ਨੂੰ ਵੇਚਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਚੋਰੀ ਅਤੇ ਲੁੱਟ ਦਾ ਮਾਲ ਸਸਤੇ ਭਾਅ ’ਤੇ ਖਰੀਦ ਕੇ ਅੱਗੇ ਬਾਜ਼ਾਰ ਵਿੱਚ ਮਹਿੰਗੇ ਭਾਅ ’ਤੇ ਵੇਚਦੇ ਸਨ। ਐਸਐਸਪੀ ਨੇ ਦੱਸਿਆ ਕਿ ਗਿਰੋਹ ਦਾ ਮੁੱਖ ਨਿਸ਼ਾਨਾ ਲੋਹੇ ਅਤੇ ਹੋਰ ਕੀਮਤੀ ਸਕਰੈਪ ਨਾਲ ਭਰੇ ਟਰੱਕ ਹੁੰਦੇ ਸਨ। ਮੁਲਜ਼ਮ ਟਰੱਕ ਲੁੱਟਣ ਤੋਂ ਬਾਅਦ ਡਰਾਈਵਰ ਨੂੰ ਸੁੰਨਸਾਨ ਜਗ੍ਹਾ ’ਤੇ ਛੱਡ ਦਿੰਦੇ ਅਤੇ ਟਰੱਕ ਨੂੰ ਵੀ ਕਿਸੇ ਸੁੰਨਸਾਨ ਥਾਂ ’ਤੇ ਖੜ੍ਹਾ ਕਰਕੇ ਫਰਾਰ ਹੋ ਜਾਂਦੇ ਸਨ। ਬਾਅਦ ਵਿੱਚ ਟਰੱਕ ਵਿੱਚ ਲੱਦਿਆ ਸਕਰੈਪ ਵੇਚ ਦਿੱਤਾ ਜਾਂਦਾ ਸੀ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਪੁਲਿਸ ਨੂੰ ਪੁੱਛਗਿੱਛ ਦੌਰਾਨ ਗਿਰੋਹ ਦੀਆਂ ਹੋਰ ਵਾਰਦਾਤਾਂ ਅਤੇ ਇਸ ਨਾਲ ਜੁੜੇ ਵਿਅਕਤੀਆਂ ਬਾਰੇ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ। ਐਸਐਸਪੀ ਅਨੁਸਾਰ ਚੇਤਨ ਕੁਮਾਰ ਲਾਡੀ ਖ਼ਿਲਾਫ਼ ਪਹਿਲਾਂ ਹੀ ਪੰਜ ਮਾਮਲੇ ਦਰਜ ਹਨ, ਜਦਕਿ ਤਰੁਣ ਕੁਮਾਰ ਉਰਫ਼ ਤਰੁਣ ਸਿੰਘ ਖ਼ਿਲਾਫ਼ ਨੌਂ ਮਾਮਲੇ ਦਰਜ ਹਨ। ਪ੍ਰੇਮ ਪ੍ਰਕਾਸ਼ ਖ਼ਿਲਾਫ਼ ਲੁਧਿਆਣਾ ਵਿੱਚ ਨਸ਼ਾ ਤਸਕਰੀ ਦਾ ਇੱਕ ਮਾਮਲਾ ਦਰਜ ਹੈ। ਦੂਜੇ ਪਾਸੇ ਸੁਮਿਤ ਸਹਿਗਲ ਟਰਾਂਸਪੋਰਟਰ ਨੇ ਚੰਗੀ ਕਾਰਜਸ਼ੈਲੀ ਲਈ ਐਸਐਸਪੀ ਸਮੇਤ ਪੂਰੀ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਕੇਸ ਚ ਖੰਨਾ ਪੁਲਿਸ ਨੇ ਸਖਤ ਮਿਹਨਤ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਨਾਲ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਮਿਲੀ ਹੈ।