ਪੰਜਾਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅੰਕਿਤ ਬਿਧਾਨ/ ਪੰਜਾਬ ਯੂਨੀਵਰਸਿਟੀ ਚੋਣਾਂ ’ਚ ਜਿੱਤ ਲਈ ਕੀਤਾ ਸ਼ੁਕਰਾਨਾ/ ਮੈਨੀਫੈਸਟੋ ’ਚ ਕੀਤੇ ਵਾਅਦੇ ਹਰ ਹਾਲ ਪੂਰੇ ਕਰਨ ਦਾ ਦਾਅਵਾ By admin - September 11, 2026 0 1 Facebook Twitter Pinterest WhatsApp ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਨਵੇਂ ਚੁਣੇ ਗਏ ਪ੍ਰਧਾਨ ਅੰਕਿਤ ਬੀਦਾਨ, ਸਾਬਕਾ ਪ੍ਰਧਾਨ ਗੌਰਵਬੀਰ ਸਿੰਘ ਸੋਹਲ ਅਤੇ ਭਾਜਪਾ ਆਗੂ ਅਕਸ਼ੇ ਸ਼ਰਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਚੋਣਾਂ ਵਿੱਚ ਮਿਲੇ ਸਮਰਥਨ ਲਈ ਸ਼ੁਕਰਾਨਾ ਕੀਤਾ। ਅੰਕਿਤ ਬੀਦਾਨ ਨੇ ਕਿਹਾ ਕਿ ਚੋਣ ਜਿੱਤਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਮਨ ਵਿੱਚ ਧਾਰਿਆ ਸੀ ਕਿ ਜਿੱਤ ਹਾਸਲ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਨ੍ਹਾਂ ਕਿਹਾ ਕਿ ਮਨੋਕਾਮਨਾ ਪੂਰੀ ਹੋਣ ‘ਤੇ ਉਹ ਬਹੁਤ ਖੁਸ਼ ਹਨ ਅਤੇ ਅੱਜ ਦਰਬਾਰ ਸਾਹਿਬ ਪਹੁੰਚ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਹੈ। ਯੂਨੀਵਰਸਿਟੀ ਵਿੱਚ ਕੀਤੇ ਵਾਅਦਿਆਂ ਬਾਰੇ ਉਨ੍ਹਾਂ ਕਿਹਾ ਕਿ ਮੈਨੀਫੈਸਟੋ ਵਿੱਚ ਸਕਾਲਰਸ਼ਿਪ, ਮਹਿਲਾ ਸੁਰੱਖਿਆ ਅਤੇ ਇਨਫ੍ਰਾਸਟਰੱਕਚਰ ਸਮੇਤ ਜਿਹੜੇ ਵੀ ਵਾਅਦੇ ਕੀਤੇ ਗਏ ਹਨ, ਉਨ੍ਹਾਂ ਨੂੰ 100 ਫੀਸਦੀ ਪੂਰਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਿੰਦੂ-ਸਿੱਖ ਭਾਈਚਾਰੇ ਸਬੰਧੀ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਦੋਵਾਂ ਭਾਈਚਾਰਿਆਂ ਦੇ ਸਹਿਯੋਗ ਨਾਲ ਇੱਕ ਮਿਸਾਲ ਕਾਇਮ ਹੋਈ ਹੈ ਅਤੇ ਇਸੇ ਭਾਈਚਾਰੇ ਨੂੰ ਨਾਲ ਲੈ ਕੇ ਉਹ ਅੱਗੇ ਵਧਣਗੇ। ਇਸ ਮੌਕੇ ਸਾਬਕਾ ਪ੍ਰਧਾਨ ਗੌਰਵਬੀਰ ਸਿੰਘ ਸੋਹਲ ਨੇ ਕਿਹਾ ਕਿ ਗੁਰੂ ਨਗਰੀ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਵੱਲੋਂ ਮਿਲੀ ਦਾਤ ਲਈ ਸ਼ੁਕਰਾਨਾ ਕਰਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਉਹ ਦਰਬਾਰ ਸਾਹਿਬ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਜਿਸ ਤਰ੍ਹਾਂ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ, ਉਹ ਅਰਦਾਸ ਕਰਦੇ ਹਨ ਕਿ ਇਹ ਭਰੋਸਾ ਕਾਇਮ ਰਹੇ ਅਤੇ ਵਿਦਿਆਰਥੀਆਂ ਨਾਲ ਕੀਤੇ ਗਏ ਵਾਅਦਿਆਂ ‘ਤੇ ਉਹ ਪੂਰਾ ਉਤਰ ਸਕਣ।