ਪੰਜਾਬ ਮੋਗਾ ’ਚ ਸਵਾਈਨ ਫਲੂ ਦੀ ਦਸਤਕ ਨੇ ਵਧਾਈ ਚਿੰਤਾ/ 6 ਨਵੇਂ ਕੇਸ ਆਏ ਸਾਹਮਣੇ, ਇੱਕ ਮਰੀਜ਼ ਦੀ ਮੌਤ/ ਸਿਹਤ ਵਿਭਾਗ ਵੱਲੋਂ ਘਰ-ਘਰ ਸਰਵੇ ਮੁਹਿੰਮ ਸ਼ੁਰੂ By admin - September 7, 2026 0 1 Facebook Twitter Pinterest WhatsApp ਮੋਗਾ ਜ਼ਿਲ੍ਹਾ ਮੋਗਾ ਵਿੱਚ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਹੈ। ਸਿਹਤ ਵਿਭਾਗ ਅਨੁਸਾਰ ਜ਼ਿਲ੍ਹੇ ਵਿੱਚ ਸਵਾਈਨ ਫਲੂ ਦੇ 6 ਨਵੇਂ ਮਰੀਜ਼ ਪਾਜ਼ੀਟਿਵ ਪਾਏ ਗਏ ਹਨ, ਜਦਕਿ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਨਵੇਂ ਮਾਮਲੇ ਮੋਗਾ ਸ਼ਹਿਰ, ਬਾਘਾਪੁਰਾਣਾ ਅਤੇ ਕੋਟਇਸੇ ਖਾਂ ਨਾਲ ਸਬੰਧਤ ਹਨ। ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਨੇ ਮਰੀਜ਼ਾਂ ਦੇ ਘਰਾਂ ਵਿੱਚ ਪਹੁੰਚ ਕੇ ਘਰ-ਘਰ ਸਰਵੇ ਕੀਤਾ। ਇਸ ਦੌਰਾਨ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਵੀ ਜਾਂਚ ਕੀਤੀ ਗਈ। ਵਿਭਾਗ ਵੱਲੋਂ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਸਿਹਤ ਵਿਭਾਗ ਮੁਤਾਬਕ ਫਿਲਹਾਲ ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਹਾਲਤ ਕੰਟਰੋਲ ਵਿੱਚ ਹੈ ਅਤੇ ਉਹ ਘਰਾਂ ਵਿੱਚ ਹੀ ਸਿਹਤਯਾਬ ਹੋ ਰਹੇ ਹਨ। ਸਰਵੇ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਸਵਾਈਨ ਫਲੂ ਨਾਲ ਸਬੰਧਤ ਕੋਈ ਗੰਭੀਰ ਲੱਛਣ ਨਹੀਂ ਮਿਲੇ। ਸੀਨੀਅਰ ਮੈਡੀਕਲ ਅਫਸਰ ਡਾ. ਗੁਰਵਰਿੰਦਰ ਸਿੰਘ ਅਤੇ ਡਾ. ਸੂਮੀ ਗੁਪਤਾ ਨੇ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਵਾਈਨ ਫਲੂ ਦੇ ਮਾਮਲੇ ਮੌਸਮ ਵਿੱਚ ਆ ਰਹੀ ਤਬਦੀਲੀ ਅਤੇ ਫਲੂ ਦੇ ਸੀਜ਼ਨ ਕਾਰਨ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਉਨ੍ਹਾਂ ਦੀ ਸਥਿਤੀ ਦੇ ਆਧਾਰ ’ਤੇ ਤਿੰਨ ਸ਼੍ਰੇਣੀਆਂ ਵਿੱਚ ਵੰਡ ਕੇ ਇਲਾਜ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਲੋੜ ਅਨੁਸਾਰ ਇਲਾਜ ਅਤੇ ਫਾਲੋਅਪ ਦਿੱਤਾ ਜਾਂਦਾ ਹੈ, ਜਦਕਿ ਜਿਨ੍ਹਾਂ ਮਰੀਜ਼ਾਂ ਨੂੰ ਐਂਟੀਵਾਇਰਲ ਦਵਾਈ ਦੀ ਲੋੜ ਹੁੰਦੀ ਹੈ, ਉਸ ਦਾ ਸਿਵਲ ਹਸਪਤਾਲ ਵਿੱਚ ਪੂਰਾ ਸਟਾਕ ਮੌਜੂਦ ਹੈ। ਸਾਹ ਲੈਣ ਵਿੱਚ ਦਿੱਕਤ ਜਾਂ ਹੋਰ ਗੰਭੀਰ ਸਮੱਸਿਆ ਵਾਲੇ ਮਰੀਜ਼ਾਂ ਲਈ ਸਿਵਲ ਹਸਪਤਾਲ ਵਿੱਚ ਵੱਖਰਾ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਇਸ ਵਾਰਡ ਵਿੱਚ ਚਾਰ ਬੈੱਡਾਂ ਦੇ ਨਾਲ ਆਕਸੀਜਨ ਦੀ ਸਪਲਾਈ, ਦਵਾਈਆਂ ਅਤੇ ਲੋੜੀਂਦਾ ਸਟਾਫ ਉਪਲਬਧ ਕਰਵਾਇਆ ਗਿਆ ਹੈ।ਸਿਹਤ ਵਿਭਾਗ ਅਨੁਸਾਰ ਦੋ ਦਿਨ ਪਹਿਲਾਂ ਬਾਘਾਪੁਰਾਣਾ, ਕੋਟਇਸੇ ਖਾਂ ਅਤੇ ਮੋਗਾ ਸ਼ਹਿਰ ਨਾਲ ਸਬੰਧਤ ਸਵਾਈਨ ਫਲੂ ਦੇ 3 ਪਾਜ਼ੀਟਿਵ ਮਾਮਲੇ ਵੀ ਸਾਹਮਣੇ ਆਏ ਸਨ, ਜੋ ਹੁਣ ਸਿਹਤਯਾਬ ਦੱਸੇ ਜਾ ਰਹੇ ਹਨ। ਨਵੇਂ ਮਾਮਲਿਆਂ ਤੋਂ ਬਾਅਦ ਵਿਭਾਗ ਨੇ ਨਿਗਰਾਨੀ ਅਤੇ ਸਰਵੇ ਦਾ ਕੰਮ ਹੋਰ ਤੇਜ਼ ਕਰ ਦਿੱਤਾ ਹੈ। ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਵਾਈਨ ਫਲੂ ਦੇ ਲੱਛਣ ਸਾਹਮਣੇ ਆਉਣ ’ਤੇ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੇਜ਼ ਬੁਖਾਰ, ਜ਼ੁਕਾਮ-ਖੰਘ ਅਤੇ ਖਾਸ ਤੌਰ ’ਤੇ ਸਾਹ ਲੈਣ ਵਿੱਚ ਦਿੱਕਤ ਵਰਗੇ ਲੱਛਣ ਹੋਣ ’ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਹੱਥਾਂ ਦੀ ਸਫਾਈ ਦਾ ਖਾਸ ਧਿਆਨ ਰੱਖਣ, ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨ ਅਤੇ ਲੋੜ ਪੈਣ ’ਤੇ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਬਿਨਾਂ ਹੱਥ ਧੋਏ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚਣ ਅਤੇ ਖਾਣ-ਪੀਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋਣ ਲਈ ਵੀ ਕਿਹਾ ਗਿਆ ਹੈ।ਡਾਕਟਰਾਂ ਨੇ ਸਪਸ਼ਟ ਕੀਤਾ ਕਿ ਜੇ ਕਿਸੇ ਵਿਅਕਤੀ ਵਿੱਚ ਫਲੂ ਜਾਂ ਇਨਫੈਕਸ਼ਨ ਦੇ ਲੱਛਣ ਹਨ ਤਾਂ ਉਹ ਦੂਜਿਆਂ ਤੋਂ ਉਚਿਤ ਦੂਰੀ ਬਣਾਈ ਰੱਖੇ ਅਤੇ ਮਾਸਕ ਦੀ ਵਰਤੋਂ ਕਰੇ। ਸਿਹਤ ਵਿਭਾਗ ਨੇ ਲੋਕਾਂ ਨੂੰ ਆਪਣੇ ਤੌਰ ’ਤੇ ਦਵਾਈ ਲੈਣ ਦੀ ਬਜਾਏ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਉਣ ਦੀ ਅਪੀਲ ਕੀਤੀ ਹੈ।