ਪੰਜਾਬ ਰੂਪਨਗਰ ਪਹੁੰਚਿਆ ਮੀਰੀ ਪੀਰੀ ਖਾਲਸਾ ਮਾਰਚ/ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਰਵਾਨਾ/ ਜਥੇਦਾਰ ਗੜਗੱਜ ਨੇ ਕੀਤਾ ਸੰਬੋਧਨ By admin - September 4, 2026 0 1 Facebook Twitter Pinterest WhatsApp ਮੀਰੀ ਪੀਰੀ ਖਾਲਸਾ ਮਾਰਚ ਅੱਜ ਦਸਮ ਪਿਤਾ ਦੀ ਚਰਨ ਸ਼ੋ ਪ੍ਰਾਪਤ ਧਰਤੀ ਰੂਪਨਗਰ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ। ਇਸ ਮੌਕੇ ਵੱਡੀ ਗਿਣਤੀ ਸੰਗਤ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨੌਜਵਾਨ ਤੇ ਸੰਗਤ ਨੂੰ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਜਥੇਦਾਰ ਗੜਗੱਜ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅਜੇ ਤੱਕ ਨਸ਼ਾ ਖਤਮ ਨਹੀਂ ਹੋਇਆ ਅਤੇ ਜੇਕਰ ਕੋਈ ਨਸ਼ੇ ਦਾ ਵਿਰੋਧ ਕਰਦਾ ਹੈ ਤਾਂ ਉਸ ਨਾਲ ਤਸ਼ੱਦਦ ਕੀਤਾ ਜਾਂਦਾ ਹੈ। ਬੀਤੇ ਕੱਲ੍ਹ ਇੱਕ ਨੌਜਵਾਨ ਨਾਲ ਤਸ਼ੱਦਦ ਕੀਤਾ ਗਿਆ, ਜਿਸ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਅਤੇ ਇਸ ਨੌਜਵਾਨ ਦੀ ਪੂਰੀ ਪੈਰਵਾਈ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਅਜਿਹੇ ਜਬਰ ਅਤੇ ਜ਼ੁਲਮ ਕਰਨ ਦੀ ਤਾੜਨਾ ਕਰਦੇ ਹਾਂ। ਉਹਨਾਂ ਕਿਹਾ ਕਿ ਅਜਿਹਾ ਵਤੀਰਾ ਬਿਲਕੁਲ ਬਰਦਾਸ਼ਤ ਨਹੀਂ ਹੈ ਅਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਲੋਕ ਯਾਦ ਰੱਖਦੇ ਹਨ ਕਿ ਤੁਸੀਂ ਕੀ ਕੀਤਾ। ਦੱਸਣਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਸ਼ੇਰੋਂ ਪਿੰਡ ਵਿੱਚ ਸਿੱਖ ਨੌਜਵਾਨ ਮੋਹਣਜੀਤ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਅਵਾਜ਼ ਉਠਾਉਣ ਅਤੇ ਮੁੱਖ ਮੰਤਰੀ ਦੇ ਪਿੰਡ ਦੇ ਦੌਰੇ ਮੌਕੇ ਵਿਰੋਧ ਕਰਨ ’ਤੇ ਪੰਜਾਬ ਪੁਲਿਸ ਵੱਲੋਂ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਜਥੇਦਾਰ ਗੜਗੱਜ ਨੇ ਇਸ ਘਟਨਾ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਗੱਲ ਆਖੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਮਾਰਚ ਦੌਰਾਨ ਹੁਣ ਤੱਕ ਦੇ ਸਫ਼ਰ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੰਜਾਬ ਅੰਦਰ ਨਸ਼ਾ ਇੱਕ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਹਰ ਪਿੰਡ ਵਿੱਚੋਂ 10 ਤੋਂ 15 ਨੌਜਵਾਨ ਸ਼ਿਕਾਰ ਹੋਏ ਹਨ, ਖਾਸਕਰ ਚਿੱਟਾ ਵਿਕਣਾ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ ਇਹ ਸਰਕਾਰ ਦੀ ਨੱਕ ਥੱਲੇ ਵਿਕ ਰਿਹਾ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ੇਰੋਂ ਪਿੰਡ ਦੇ ਸਿੱਖ ਨੌਜਵਾਨ ਮੋਹਣਜੀਤ ਸਿੰਘ ਨੇ ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ ਮੁੱਖ ਮੰਤਰੀ ਨੂੰ ਆਪਣੇ ਗੁਆਂਢੀ ਦੀ ਛੱਤ ਤੋਂ ਸ਼ਾਂਤਮਈ ਰਹਿੰਦਿਆਂ ਕਾਲਾ ਝੰਡਾ ਦਿਖਾਇਆ, ਜੋ ਕਿ ਉਸ ਦਾ ਜਮਹੂਰੀ ਹੱਕ ਹੈ। ਉਨ੍ਹਾਂ ਕਿਹਾ ਕਿ ਕਾਲਾ ਝੰਡਾ ਦਿਖਾਉਣਾ ਕੋਈ ਅਪਰਾਧ ਨਹੀਂ, ਪਰੰਤੂ ਸਥਾਨਕ ਡੀਐੱਸਪੀ ਹਰਵਿੰਦਰ ਸਿੰਘ ਖੈਰਾ, ਸਿੱਖ ਨੌਜਵਾਨ ਨੂੰ ਝੰਡਾ ਉਸਦੇ ਗਲ ਵਿੱਚ ਪਾ ਕੇ ਧੂਹ ਕੇ ਲੈ ਕੇ ਗਿਆ ਅਤੇ ਬਾਅਦ ਵਿੱਚ ਉਸ ਉੱਤੇ ਗ਼ੈਰ-ਕਾਨੂੰਨੀ ਢੰਗ ਨਾਲ ਬਹੁਤ ਤਸ਼ੱਦਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਨਾਲ ਵੀ ਗੱਲ ਕੀਤੀ ਹੈ ਕਿ ਸਿੱਖ ਨੌਜਵਾਨ ਉੱਤੇ ਤਸ਼ੱਦਦ ਕਰਨ ਅਤੇ ਉਸਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਡੀਐੱਸਪੀ ਅਤੇ ਥਾਣਾ ਮੁਖੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਦੱਸੇ ਮੁਤਾਬਕ ਪੁਲਿਸ ਨੇ ਤਾਰਾਂ ਵਾਲਾ ਬੁਰਸ਼ ਉਸਦੇ ਲੱਕ ਵਿੱਚ ਮਾਰ ਕੇ ਉੱਤੇ ਲੂਣ ਪਾਇਆ, ਉਸ ਦੇ ਸਿਰ ਵਿੱਚ ਜੁੱਤੀਆਂ ਮਾਰੀਆਂ ਗਈਆਂ, ਦਾੜ੍ਹੇ ਅਤੇ ਕੇਸਾਂ ਦੀ ਬੇਅਦਬੀ ਕੀਤੀ, ਉਸਦਾ ਕਛਹਿਰਾ ਉਤਾਰ ਕੇ ਪਾੜਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰਕੇ ਉਨ੍ਹਾਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਜਬਰ ਜੁਲਮ ਕਰਨ ਦਾ ਪਰਚਾ ਨਾ ਦਰਜ ਕੀਤਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਪੀੜਤ ਸਿੱਖ ਨੌਜਵਾਨ ਦੇ ਨਾਲ ਖੜ੍ਹਾ ਹੈ ਅਤੇ ਇਸ ਮਾਮਲੇ ਵਿੱਚ ਅਗਾਂਹ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਨੌਜਵਾਨ ਨੂੰ ਮਿਲਣ ਲਈ ਵੀ ਜਾਣਗੇ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਹੀ ਸਰਕਾਰ ਸਿੱਖਾਂ ਨਾਲ ਅਜਿਹਾ ਕਰੇਗੀ ਤਾਂ ਬਾਕੀ ਦੁਨੀਆ ਵਿੱਚ ਕੀ ਹੋਵੇਗਾ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਤੋਂ ਪੀੜਤ ਹਨ ਤਾਂ ਉਨ੍ਹਾਂ ਨੂੰ ਮਦਦ ਅਤੇ ਸਹਿਯੋਗ ਦੀ ਲੋੜ ਹੈ ਨਾ ਕਿ ਉਨ੍ਹਾਂ ਨੂੰ ਸਮਾਜ ਵਿੱਚ ਅਲੱਗ ਧਲੱਗ ਕਰ ਦਿੱਤਾ ਜਾਵੇ।