ਫਤਿਹਗੜ੍ਹ ਸਾਹਿਬ ਦੇ ਨਲੀਨੀ ਖੁਰਦ ’ਚ ਟੁੱਟਿਆ ਨਵਾਂ ਬਣਿਆ ਸੂਆ/ਸਾਢੇ 12 ਏਕੜ ਝੋਨੇ ਦੀ ਫ਼ਸਲ ਬਰਬਾਦ/ਪੀੜਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ

0
2

ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਨਲੀਨੀ ਖੁਰਦ ਵਿਖੇ ਕਰੀਬ ਛੇ ਮਹੀਨੇ ਪਹਿਲਾਂ ਬਣਿਆ ਸੂਆ ਟੁੱਟਣ ਕਾਰਨ ਕਿਸਾਨਾਂ ਦੀ ਪੱਕੀ ਹੋਈ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸੂਏ ਦਾ ਪਾਣੀ ਖੇਤਾਂ ਵਿੱਚ ਭਰ ਜਾਣ ਕਾਰਨ ਕਰੀਬ ਸਾਢੇ 12 ਏਕੜ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ। ਇਸ ਘਟਨਾ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਜਾਣਕਾਰੀ ਅਨੁਸਾਰ, ਕਿਸਾਨ ਮਨਦੀਪ ਸਿੰਘ ਦੀ ਕਰੀਬ ਡੇਢ ਏਕੜ, ਗੁਰਵਿੰਦਰ ਸਿੰਘ ਦੀ ਢਾਈ ਏਕੜ, ਅਜੈਬ ਸਿੰਘ ਦੀ ਦੋ ਏਕੜ ਅਤੇ ਅੰਮ੍ਰਿਤ ਪਾਲ ਸਿੰਘ ਦੀ ਚਾਰ ਏਕੜ ਝੋਨੇ ਦੀ ਫ਼ਸਲ ਪਾਣੀ ਭਰਨ ਕਾਰਨ ਖ਼ਰਾਬ ਹੋ ਗਈ ਹੈ। ਪੀੜਤ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਅੱਜ ਹੀ ਆਪਣੀ ਪੱਕੀ ਹੋਈ ਝੋਨੇ ਦੀ ਫ਼ਸਲ ਦੀ ਕਟਾਈ ਕਰਨੀ ਸੀ, ਪਰ ਸੂਆ ਟੁੱਟਣ ਕਾਰਨ ਉਸ ਦੀ ਮਹੀਨਿਆਂ ਦੀ ਮਿਹਨਤ ’ਤੇ ਪਾਣੀ ਫਿਰ ਗਿਆ।
ਇਸ ਘਟਨਾ ਸਬੰਧੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਚਤਰ ਸਿੰਘ ਅਤੇ ਪੀੜਤ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚੋਂ ਲੰਘਦੇ ਸੂਏ ਦਾ ਸਲੈਬ ਟੁੱਟਣ ਕਾਰਨ ਪਾਣੀ ਖੇਤਾਂ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ ਕਿਹਾ ਕਿ ਕਰੀਬ ਛੇ ਮਹੀਨੇ ਪਹਿਲਾਂ ਬਣੇ ਸੂਏ ਦਾ ਇੰਨੀ ਜਲਦੀ ਟੁੱਟ ਜਾਣਾ ਨਿਰਮਾਣ ਕਾਰਜ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਕਰਦਾ ਹੈ। ਮਨਜੀਤ ਸ਼ਰਮਾ, ਕਿਸਾਨ ਆਗੂਆਂ ਅਤੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਨੇ ਸੂਏ ਦੇ ਨਿਰਮਾਣ ਵਿੱਚ ਵਰਤੀ ਗਈ ਸਮੱਗਰੀ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਜੇਕਰ ਕੋਈ ਖ਼ਾਮੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਠੇਕੇਦਾਰ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪੀੜਤ ਕਿਸਾਨਾਂ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਗਈ। ਉੱਧਰ, ਨਹਿਰੀ ਵਿਭਾਗ ਦੇ ਮੇਟ ਜਸਪਾਲ ਸਿੰਘ ਨੇ ਦੱਸਿਆ ਕਿ ਸੂਏ ਦਾ ਸਲੈਬ ਟੁੱਟਣ ਕਾਰਨ ਪਾਣੀ ਓਵਰਫਲੋ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿੱਛੋਂ ਪਾਣੀ ਬੰਦ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਕਿੰਨੀ ਜਲਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਪੀੜਤ ਕਿਸਾਨਾਂ ਨੂੰ ਉਨ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਕਦੋਂ ਮਿਲਦਾ ਹੈ।

LEAVE A REPLY

Please enter your comment!
Please enter your name here