ਮੋਹਾਲੀ ਦੇ ਪਿੰਡ ਘੜੂਆਂ ’ਚ ਮਿਲੇ ਪੁਰਾਤਨ ਸਿੱਕੇ/ ਖੁਦਾਈ ਦੌਰਾਨ ਸਿੱਕੇ ਮਿਲਣ ਦਾ ਦਾਅਵਾ/ ਦੇਰ ਰਾਤ ਤਕ ਚੱਲਦੀ ਰਹੀ ਤਲਾਸ਼, ਤਸਵੀਰਾਂ ਵਾਇਰਲ

0
2

ਮੋਹਾਲੀ ਅਧੀਨ ਆਉਂਦੇ ਇਤਿਹਾਸਕ ਪਿੰਡ ਘੜੂੰਆਂ ਵਿਖੇ ਮਾਹੌਲ ਉਸ ਵੇਲੇ ਉਤਸੁਕਤਾ ਵਾਲਾ ਬਣ ਗਿਆ ਜਦੋਂ ਇੱਥੇ ਲਾਇਬ੍ਰੇਰੀ ਦੀ ਉਸਾਰੀ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਕੁੱਝ ਪੁਰਾਣੇ ਸਿੱਕੇ ਮਿਲੇ। ਮੀਡੀਆਂ ਵਿਚ ਚੱਲ ਰਹੀਆਂ ਖਬਰਾਂ ਮੁਤਾਬਕ ਖੁਦਾਈ ਦੌਰਾਨ ਇਕ ਮਿੱਟੀ ਦਾ ਕੁੱਜਾ ਮਿਲਿਆ, ਜਿਸ ਵਿਚ ਪੁਰਾਣੇ ਸਿੱਕੇ ਮੌਜੂਦ ਸਨ। ਖਬਰ ਪਿੰਡ ਵਿਚ ਫੈਲਣ ਤੋਂ ਬਾਅਦ ਵੱਡੀ ਗਿਣਤੀ ਲੋਕ ਇਕੱਤਰ ਹੋ ਗਏ। ਲੋਕ ਦੇਰ ਰਾਤ ਤਕ ਮੋਬਾਈਲਾਂ ਦੀ ਰੋਸ਼ਨੀ ਵਿਚ ਹੋਰ ਸਿੱਕਿਆਂ ਦੀ ਭਾਲ ਕਰਦੇ ਰਹੇ, ਜਿਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਹਨ। ਕੀਤੇ ਜਾ ਰਹੇ ਦਾਅਵਿਆਂ ਮੁਤਾਬਕ ਚਾਂਦੀ ਦੇ ਸਿੱਕੇ ਮਿਲੇ ਹਨ, ਜਿਨ੍ਹਾਂ ਉਪਰ ਉਰਦੂ ਵਿਚ ਕੁੱਝ ਉਕਰਿਆ ਹੋਇਆ ਹੈ। ਬਾਅਦ ਵਿਚ ਮੌਕੇ ਤੇ ਪਹੁੰਚੀ ਪੁਲਿਸ ਨੇ ਉਸਾਰੀ ਵਾਲੀ ਥਾਂ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਲਾਇਬ੍ਰੇਰੀ ਉਸ ਥਾਂ ’ਤੇ ਬਣਾਈ ਜਾ ਰਹੀ ਹੈ, ਜਿੱਥੇ ਪਹਿਲਾਂ ਪਿੰਡ ਦਾ ਪੁਰਾਣਾ ਪੰਚਾਇਤ ਘਰ ਹੁੰਦਾ ਸੀ। ਨੀਂਹ ਦੀ ਖੁਦਾਈ ਦੌਰਾਨ ਮਿੱਟੀ ਵਿੱਚ ਦੱਬਿਆ ਇੱਕ ਪੁਰਾਣਾ ਮਿੱਟੀ ਦਾ ਬਰਤਨ ਨਜ਼ਰ ਆਇਆ, ਜਿਸ ਨੂੰ ਬਾਹਰ ਕੱਢਣ ’ਤੇ ਇਸ ਵਿੱਚ ਕਈ ਪੁਰਾਣੇ ਸਿੱਕੇ ਹੋਣ ਦੀ ਗੱਲ ਸਾਹਮਣੇ ਆਈ। ਸਾਹਮਣੇ ਆਈਆਂ ਵੀਡੀਓ ਤਸਵੀਰਾਂ ਵਿਚ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਸਿੱਕਿਆਂ ਨੂੰ ਚਾਂਦੀ ਦੇ ਪੁਰਾਣੇ ਸਿੱਕੇ ਦੱਸਿਆ ਜਾ ਰਿਹਾ ਹੈ।
ਸਿੱਕਿਆਂ ’ਤੇ ਉਰਦੂ ਲਿਪੀ ਵਿੱਚ ਲਿਖਤ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਸ਼ਾਮ ਤੋਂ ਬਾਅਦ ਹਨੇਰਾ ਹੋਣ ਦੇ ਬਾਵਜੂਦ ਕਈ ਲੋਕ ਟਾਰਚਾਂ ਅਤੇ ਮੋਬਾਈਲ ਫੋਨਾਂ ਦੀ ਰੌਸ਼ਨੀ ਨਾਲ ਖੁਦਾਈ ਵਾਲੀ ਥਾਂ ਦੇ ਆਲੇ-ਦੁਆਲੇ ਮਲਬਾ ਵਿਚੋਂ ਸਿੱਕਿਆਂ ਦੀ ਭਾਲ ਕਰਦੇ ਦੇਖੇ ਗਏ। ਇਸ ਤੋਂ ਬਾਅਦ ਸੂਹ ਮਿਲਣ ਤੇ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਪਾਸੇ ਹਟਾ ਕੇ ਨਿਰਮਾਣ ਵਾਲੀ ਥਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਸੂਤਰਾਂ ਮੁਤਾਬਕ ਕੁਝ ਲੋਕਾਂ ਦੇ ਸਿੱਕੇ ਲੈ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।

LEAVE A REPLY

Please enter your comment!
Please enter your name here