ਪੰਜਾਬ ਅੰਮ੍ਰਿਤਸਰ ਦੇ ਗੇਟ ਹਕੀਮਾਂ ਵਿਖੇ ਨੌਜਵਾਨ ਦਾ ਕਤਲ/ ਤੇਜ਼ਧਾਰ ਹਥਿਆਰਾਂ ਨਾਲ ਅੰਜ਼ਾਮ ਦਿੱਤੀ ਵਾਰਦਾਤ/ ਪਰਿਵਾਰ ਨੇ ਮੰਗਿਆ ਇਨਸਾਫ, ਪੁਲਿਸ ਕਰ ਰਹੀ ਜਾਂਚ By admin - August 25, 2026 0 1 Facebook Twitter Pinterest WhatsApp ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ਅੰਦਰ 40 ਸਾਲਾ ਨੌਜਵਾਨ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਸੰਦੀਪ ਸਿੰਘ ਨੂੰ ਘਰੋਂ ਬੁਲਾ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਤੋਂ ਬਾਦ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਮ੍ਰਿਤਕ ਦੇ ਨਾਲ ਗਏ ਨੌਜਵਾਨ ਉਤੇ ਕਤਲ ਦਾ ਸ਼ੱਕ ਜਾਹਰ ਕਰਦਿਆਂ ਇਨਸਾਫ ਮੰਗਿਆ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਉਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਭੈਣ ਬਲਜੀਤ ਕੌਰ ਨੇ ਦੱਸਿਆ ਕਿ ਸੰਦੀਪ ਸਿੰਘ ਦੇ ਪਿਤਾ ਨੇ ਉਨ੍ਹਾਂ ਨੂੰ ਆਪਣੀ ਧੀ ਵਜੋਂ ਮੰਨਿਆ ਹੋਇਆ ਸੀ, ਜਿਸ ਕਾਰਨ ਸੰਦੀਪ ਸਿੰਘ ਨਾਲ ਉਨ੍ਹਾਂ ਦਾ ਭੈਣ-ਭਰਾ ਵਰਗਾ ਰਿਸ਼ਤਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਕੁਝ ਸਮਾਂ ਪਹਿਲਾਂ ਸੰਦੀਪ ਉਨ੍ਹਾਂ ਦੇ ਘਰ ਦੇ ਕੋਲੋਂ ਲੰਘ ਕੇ ਗਿਆ ਸੀ। ਇਸ ਤੋਂ ਕੁਝ ਸਮੇਂ ਬਾਅਦ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਸੰਦੀਪ ਨਾਲ ਕੁੱਟਮਾਰ ਹੋਈ ਹੈ ਅਤੇ ਉਸ ਦੀ ਹਾਲਤ ਬਹੁਤ ਗੰਭੀਰ ਹੈ। ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਤੋਂ ਪਹਿਲਾਂ ਇਸੇ ਨੌਜਵਾਨ ਵੱਲੋਂ ਸੰਦੀਪ ਨੂੰ ਘਰੋਂ ਬੁਲਾ ਕੇ ਲਿਜਾਣ ਦੀ ਗੱਲ ਸਾਹਮਣੇ ਆਈ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਘਰ ਦੇ ਬਾਹਰ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਸੰਦੀਪ ਦੇ ਨਾਲ ਕੌਣ-ਕੌਣ ਲੋਕ ਸਨ ਅਤੇ ਉਸ ਨੂੰ ਕਿੱਥੇ ਲਿਜਾਇਆ ਗਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਸੰਦੀਪ ’ਤੇ ਕਰੀਬ 15 ਤੋਂ 16 ਵਿਅਕਤੀਆਂ ਨੇ ਹਮਲਾ ਕੀਤਾ। ਉਸ ਦੇ ਸਿਰ ਅਤੇ ਸਰੀਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ ਅਤੇ ਕਾਫ਼ੀ ਖੂਨ ਵਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ, ਉਸ ਨੂੰ ਵਾਹਨ ਰਾਹੀਂ ਹਸਪਤਾਲ ਲਿਆਂਦਾ ਗਿਆ, ਪਰ ਹਸਪਤਾਲ ਪਹੁੰਚਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਪੁਲਿਸ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸੰਦੀਪ ਦੇ ਨਾਲ ਮੌਜੂਦ ਨੌਜਵਾਨ ਤੋਂ ਇਸ ਸਬੰਧੀ ਅਹਿਮ ਜਾਣਕਾਰੀ ਮਿਲ ਸਕਦੀ ਹੈ। ਪਰਿਵਾਰ ਨੇ ਪੁਲਿਸ ਤੋਂ ਉਸ ਨੌਜਵਾਨ ਤੋਂ ਪੁੱਛਗਿੱਛ ਕਰਕੇ ਘਟਨਾ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਦੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਪਰ ਹਸਪਤਾਲ ਪਹੁੰਚਣ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਸੰਦੀਪ ਘਰੋਂ ਗਿਆ ਸੀ ਅਤੇ ਉਸ ਨਾਲ ਕੁੱਟਮਾਰ ਹੋਈ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ, ਪਰ ਇਸ ਦੀ ਪੁਸ਼ਟੀ ਮੈਡੀਕਲ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਹੋਵੇਗੀ। ਪੁਲਿਸ ਨੇ ਕਿਹਾ ਕਿ ਪਰਿਵਾਰ ਅਤੇ ਹੋਰ ਲੋਕਾਂ ਦੇ ਬਿਆਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਘਟਨਾ ਸਥਾਨ ਅਤੇ CCTV ਫੁਟੇਜ ਸਮੇਤ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।