ਮੋਗਾ ’ਚ ਕੱਪੜਿਆਂ ਦੇ ਸ਼ੋਅਰੂਮ ਨੂੰ ਭਿਆਨਕ ਅੱਗ/ ਫਾਇਰ ਬ੍ਰਿਗੇਡ ਦੀ ਮੁਸ਼ਤੈਦੀ ਨਾਲ ਟਲਿਆ ਨੁਕਸਾਨ/ ਫਾਇਰ ਅਧਿਕਾਰੀ ਵੱਲੋਂ ਸੇਫਟੀ ਪ੍ਰਬੰਧ ਰੱਖਣ ਦੀ ਅਪੀਲ

0
1

ਮੋਗਾ ਦੀ ਕੈਂਪ ਮਾਰਕੀਟ ਵਿਚ ਬੀਤੀ ਦੇਰ ਰਾਤ ਉਸ ਵੇਲੇ ਅਫਰਾ-ਤਫਰੀ ਮੱਚ ਗਈ ਜਦੋਂ ਇੱਥੇ ਕੱਪੜਿਆਂ ਦੇ ਵੱਡੇ ਸ਼ੋਰੂਮ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਸਮੇਂ ਸਿਰ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ, ਜਿਸ ਨਾਲ ਆਸ-ਪਾਸ ਦੀਆਂ ਕਈ ਦੁਕਾਨਾਂ ਦਾ ਵੱਡੇ ਨੁਕਸਾਨ ਤੋਂ ਬਚਾ ਹੋ ਗਿਆ। ਅੱਗ ਲੱਗਣ ਦੀ ਵਜ੍ਹਾ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਅਧਿਕਾਰੀ ਨੇ ਲੋਕਾਂ ਨੂੰ ਆਪਣੀਆਂ ਦੁਕਾਨਾਂ ਅੰਦਰ ਫਾਇਰ ਸੇਫਟੀ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਅਜਿਹਾ ਹਾਦਸਿਆਂ ਸਮੇਂ ਨੁਕਸਾਨ ਨੂੰ ਬਚਾਇਆ ਜਾ ਸਕੇ।
ਫਾਇਰ ਵਿਭਾਗ ਦੇ ਅਧਿਕਾਰੀ ਅਰਵਿੰਦਰ ਸਿੰਘ ਦੇ ਦੱਸਣ ਮੁਤਾਬਕ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਾਲਸ ਸੀਲਿੰਗ ਵਿੱਚ ਪਾਈਆਂ ਬਿਜਲੀ ਦੀਆਂ ਤਾਰਾਂ ’ਤੇ ਵੱਧ ਲੋਡ ਪੈਣ ਕਾਰਨ ਤਾਰਾਂ ਗਰਮ ਹੋ ਕੇ ਪਿਘਲ ਸਕਦੀਆਂ ਹਨ, ਜਿਸ ਨਾਲ ਅੱਗ ਤੇਜ਼ੀ ਨਾਲ ਫੈਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੈਂਪ ਮਾਰਕੀਟ ਕੱਪੜਿਆਂ ਦੀ ਸੰਘਣੀ ਮਾਰਕੀਟ ਹੈ, ਇਸ ਲਈ ਅੱਗ ਫੈਲਣ ਦਾ ਖਤਰਾ ਕਾਫ਼ੀ ਜ਼ਿਆਦਾ ਸੀ।
ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਜਿੱਥੇ ਵੀ ਅੱਗ ਫੈਲਣ ਦੀ ਸੰਭਾਵਨਾ ਸੀ, ਉੱਥੇ ਪਾਣੀ ਦਾ ਪ੍ਰੈਸ਼ਰ ਮਾਰ ਕੇ ਇਲਾਕੇ ਨੂੰ ਠੰਢਾ ਕੀਤਾ ਗਿਆ। ਇਸ ਵੇਲੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਫਾਇਰ ਅਧਿਕਾਰੀ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਕੱਪੜਿਆਂ ਦੇ ਸ਼ੋਰੂਮਾਂ ਅਤੇ ਵੱਡੀਆਂ ਦੁਕਾਨਾਂ ਵਿੱਚ ਫਾਇਰ ਸੇਫਟੀ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਹਰ ਦੁਕਾਨ ਵਿੱਚ ਘੱਟੋ-ਘੱਟ ਇੱਕ ਫਾਇਰ ਐਕਸਟਿੰਗਵਿਸ਼ਰ ਲਾਜ਼ਮੀ ਹੋਣਾ ਚਾਹੀਦਾ ਹੈ ਤਾਂ ਜੋ ਛੋਟੀ ਅੱਗ ਨੂੰ ਸ਼ੁਰੂਆਤੀ ਪੜਾਅ ਵਿੱਚ ਹੀ ਬੁਝਾਇਆ ਜਾ ਸਕੇ ਅਤੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here