ਅੰਮ੍ਰਿਤਸਰ ’ਚ ਮੀਂਹ ਨੇ ਖੋਲ੍ਹੀ ਨਗਰ ਨਿਗਮ ਦੀ ਪੋਲ/ 20 ਤੋਂ ਵੱਧ ਘਰਾਂ ਅੰਦਰ ਭਰਿਆ 4-5 ਫੁੱਟ ਪਾਣੀ/ ਘਰ ਦਾ ਲੈਂਟਰ ਡਿੱਗਿਆ, ਵੱਡੇ ਹਾਦਸੇ ਤੋਂ ਬਚਾਅ

0
1

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਖਜਾਨਾ ਗੇਟ ਨੇੜਲੇ ਮਰੀ ਸਿੰਘ ਨਗਰ ਅਤੇ ਪ੍ਰੀਤ ਨਗਰ ਇਲਾਕੇ ਵਿੱਚ ਸੀਵਰੇਜ ਜਾਮ ਹੋਣ ਅਤੇ ਬਰਸਾਤੀ ਪਾਣੀ ਦੇ ਨਿਕਾਸ ਦੀ ਢੁੱਕਵੀਂ ਵਿਵਸਥਾ ਨਾ ਹੋਣ ਕਾਰਨ 20 ਤੋਂ ਵੱਧ ਘਰਾਂ ਵਿੱਚ ਚਾਰ ਤੋਂ ਪੰਜ ਫੁੱਟ ਤੱਕ ਪਾਣੀ ਭਰ ਗਿਆ। ਲੋਕਾਂ ਦਾ ਕਹਿਣਾ ਹੈ ਕਿ ਘਰਾਂ ਦਾ ਕੀਮਤੀ ਸਾਮਾਨ ਖਰਾਬ ਹੋ ਗਿਆ ਹੈ ਅਤੇ ਬੱਚਿਆਂ ਸਮੇਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮਸਲੇ ਦਾ ਛੇਤੀ ਹੱਲ ਕਰਨ ਦੀ ਮੰਗ ਕੀਤੀ ਹੈ।
ਇਲਾਕਾ ਵਾਸੀਆਂ ਦੇ ਦੱਸਣ ਮੁਤਾਬਕ ਸੀਵਰੇਜ ਬਲੌਕ ਹੋਣ ਕਾਰਨ ਬਾਰਿਸ਼ ਦੌਰਾਨ ਸਾਰਾ ਪਾਣੀ ਇੱਕੋ ਥਾਂ ਇਕੱਠਾ ਹੋ ਜਾਂਦਾ ਹੈ। ਲੋਕਾਂ ਨੇ ਦਾਅਵਾ ਕੀਤਾ ਕਿ ਨਗਰ ਨਿਗਮ ਕੋਲ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਪਰ ਸਥਾਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸੀਵਰਮੈਨਾਂ ਦੀ ਹੜਤਾਲ ਦਾ ਹਵਾਲਾ ਦੇ ਕੇ ਕੰਮ ਟਾਲਿਆ ਜਾ ਰਿਹਾ ਹੈ।
ਇਸ ਦੌਰਾਨ ਇੱਕ ਘਰ ਦੀ ਰਸੋਈ ਦਾ ਲੈਂਟਰ ਵੀ ਡਿੱਗ ਗਿਆ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਪਾਣੀ ਖੜ੍ਹਾ ਰਹਿਣ ਕਾਰਨ ਮਕਾਨਾਂ ਦੀਆਂ ਨੀਂਹਾਂ ਕਮਜ਼ੋਰ ਹੋ ਰਹੀਆਂ ਹਨ ਅਤੇ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਇੰਨੀ ਬਾਰਿਸ਼ ਦੇ ਬਾਵਜੂਦ ਪਾਣੀ ਨਿਕਲ ਜਾਂਦਾ ਸੀ, ਪਰ ਇਸ ਵਾਰ ਨਿਕਾਸੀ ਦੇ ਰਸਤੇ ਬੰਦ ਹੋਣ ਕਾਰਨ ਹਾਲਾਤ ਬੇਕਾਬੂ ਹੋ ਗਏ ਹਨ। ਪੀੜਤ ਪਰਿਵਾਰਾਂ ਨੇ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਕਿਹਾ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here