ਮੋਗਾ ਦੇ ਪਿੰਡ ਕਪੂਰੇ ’ਚ ਅਵਾਰਾ ਕੁੱਤਿਆਂ ਦਾ ਕਹਿਰ/ 65 ਸਾਲਾ ਬਜ਼ੁਰਗ ਨੂੰ ਹਮਲਾ ਕਰ ਕੇ ਕੀਤਾ ਜ਼ਖਮੀ/ ਨੌਜਵਾਨ ਦੀ ਹੋ ਚੁੱਕੀ ਮੌਤ, ਪ੍ਰਸ਼ਾਸਨ ’ਤੇ ਉੱਠੇ ਸਵਾਲ

0
2

ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਵਿੱਚ ਆਵਾਰਾ ਕੁੱਤਿਆਂ ਦਾ ਦਹਿਸ਼ਤ ਭਰਿਆ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲੇ ਵਿੱਚ ਆਵਾਰਾ ਕੁੱਤਿਆਂ ਨੇ 65 ਸਾਲਾ ਮਜ਼ਦੂਰ ਜਗਰੂਪ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜਗਰੂਪ ਸਿੰਘ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਇੱਕ ਖੂੰਖਾਰ ਆਵਾਰਾ ਕੁੱਤੇ ਨੇ ਉਸ ‘ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਉਸ ਨੂੰ ਬੁਰੀ ਤਰ੍ਹਾਂ ਨੋਚਿਆ ਅਤੇ ਵੱਢ ਕੇ ਲਹੂ-ਲੁਹਾਨ ਕਰ ਦਿੱਤਾ। ਪਿੰਡ ਵਾਸੀਆਂ ਨੇ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਘਟਨਾ ਤੋਂ ਬਾਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਦੀ ਰੋਕਥਾਮ ਦੀ ਮੰਗ ਕੀਤੀ ਹੈ।
ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਕ ਪਿਛਲੇ ਛੇ ਦਿਨਾਂ ਦੌਰਾਨ ਪਿੰਡ ਵਿੱਚ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੇ 7 ਤੋਂ 8 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਇੱਕ ਨੌਜਵਾਨ ਦੀ ਮੌਤ ਵੀ ਹੋ ਚੁੱਕੀ ਹੈ। ਸਥਾਨਨ ਵਾਸੀਆਂ ਮੁਤਾਬਕ ਖੇਤਾਂ ਦੇ ਨੇੜੇ ਹੱਡਾਰੋੜੀ ਹੋਣ ਕਾਰਨ ਖੂੰਖਾਰ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਕਾਫ਼ੀ ਵੱਧ ਗਈ ਹੈ ਜੋ ਖੇਤਾਂ ਨੂੰ ਕੰਮ ਕਰਨ ਜਾਂਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੇ ਡਰ ਕਾਰਨ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ।
ਲੋਕਾਂ ਨੇ ਪ੍ਰਸ਼ਾਸਨ ਉਤੇ ਮਾਮਲੇ ਨੂੰ ਅਣਦੇਖਿਆਂ ਕਰਨ ਦਾ ਇਲਜ਼ਾਮ ਲਾਉਂਦਿਆ ਕਿਹਾ ਕਿ ਪ੍ਰਸ਼ਾਸਨ ਅਜੇ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਅਤੇ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਪਿੰਡ ਵਾਸੀ ਗੁਰਸੇਵਕ ਸਿੰਘ ਅਤੇ ਰਾਜਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਆਵਾਰਾ ਕੁੱਤਿਆਂ ਦਾ ਦਹਿਸ਼ਤ ਦਿਨੋਂ-ਦਿਨ ਵੱਧ ਰਿਹਾ ਹੈ ਅਤੇ ਹਰ ਰੋਜ਼ ਕਿਸੇ ਨਾ ਕਿਸੇ ਵਿਅਕਤੀ ਨੂੰ ਕੁੱਤੇ ਵੱਢ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜ ਦਿਨ ਪਹਿਲਾਂ ਇਸੇ ਪਿੰਡ ਦੇ ਸਰਬਜੀਤ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਨੂੰ ਵੀ ਜਾਣੂ ਕਰਵਾਇਆ ਗਿਆ ਸੀ, ਪਰ ਅਜੇ ਤੱਕ ਨਾ ਤਾਂ ਕੋਈ ਅਧਿਕਾਰੀ ਪਿੰਡ ਵਿੱਚ ਹਾਲਾਤ ਦਾ ਜਾਇਜ਼ਾ ਲੈਣ ਪਹੁੰਚਿਆ ਹੈ ਅਤੇ ਨਾ ਹੀ ਕੋਈ ਪੱਕਾ ਹੱਲ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਅਜਿਹੇ ਹਾਦਸੇ ਲਗਾਤਾਰ ਵਾਪਰਦੇ ਰਹਿਣਗੇ।
ਉੱਧਰ ਮੋਗਾ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਰਜਨੀ ਨੇ ਦੱਸਿਆ ਕਿ ਅੱਜ ਫਿਰ ਪਿੰਡ ਕਪੂਰੇ ਤੋਂ ਹੀ 60-65 ਸਾਲਾ ਜਗਰੂਪ ਸਿੰਘ ਨੂੰ ਇਲਾਜ ਲਈ ਲਿਆਂਦਾ ਗਿਆ ਹੈ, ਜਿਸ ਨੂੰ ਕੁੱਤੇ ਨੇ ਗੰਭੀਰ ਤਰੀਕੇ ਨਾਲ ਵੱਢਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸੇ ਪਿੰਡ ਤੋਂ 6-7 ਮਾਮਲੇ ਆ ਚੁੱਕੇ ਹਨ। ਹਸਪਤਾਲ ਵਿੱਚ ਰੋਜ਼ਾਨਾ ਕਰੀਬ 10 ਤੋਂ 12 ਡੌਗ ਬਾਈਟ ਦੇ ਮਾਮਲੇ ਆ ਰਹੇ ਹਨ। ਜਗਰੂਪ ਸਿੰਘ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਵੇਲੇ ਉਹ ਖ਼ਤਰੇ ਤੋਂ ਬਾਹਰ ਹੈ, ਹਾਲਾਂਕਿ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

LEAVE A REPLY

Please enter your comment!
Please enter your name here