ਮੋਗਾ ’ਚ ਪਤੀ-ਪਤਨੀ ਦੇ ਝਗੜੇ ਨੇ ਧਾਰਿਆ ਖੂਨੀ ਰੂਪ/ ਪੇਕੇ ਪਰਿਵਾਰ ਦੀ ਗੋਲੀਬਾਰੀ ’ਚ ਚਾਰ ਜਣੇ ਜ਼ਖ਼ਮੀ/ ਪਤੀ ਗੰਭੀਰ ਹਾਲਤ ਚ ਰੈਫਰ, ਪੁਲਿਸ ਕਰ ਰਹੀ ਜਾਂਚ

0
1

ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਕਮਾਲਕੇ ਮੰਡ ਵਿੱਚ ਪਤੀ-ਪਤਨੀ ਵਿਚਾਲੇ ਹੋਇਆ ਘਰੇਲੂ ਵਿਵਾਦ ਉਸ ਵੇਲੇ ਹਿੰਸਕ ਰੂਪ ਧਾਰ ਗਿਆ, ਜਦੋਂ ਪਤਨੀ ਦੇ ਪੇਕੇ ਪੱਖ ਦੇ ਲੋਕਾਂ ਵੱਲੋਂ ਕਥਿਤ ਤੌਰ ’ਤੇ ਸਹੁਰੇ ਪਰਿਵਾਰ ’ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚ ਪਤੀ ਸੋਨਾ ਸਿੰਘ, ਉਸ ਦੇ ਪਿਤਾ, ਭਾਬੀ ਅਤੇ ਭੈਣ ਸ਼ਾਮਲ ਹਨ।  ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਪਤੀ ਸੋਨਾ ਸਿੰਘ ਨੂੰ ਗੰਭੀਰ ਹਾਲਤ ਦੇ ਚਲਦਿਆਂ ਫ਼ਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਪਤੀ-ਪਤਨੀ ਵਿਚਾਲੇ ਹੋਏ ਝਗੜੇ ਤੋਂ ਬਾਅਦ ਪਤਨੀ ਨੇ ਆਪਣੇ ਪੇਕੇ ਫੋਨ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਕੁਝ ਹੀ ਸਮੇਂ ਬਾਅਦ ਪੇਕੇ ਪਰਿਵਾਰ ਦੇ ਕਰੀਬ 20 ਤੋਂ 25 ਵਿਅਕਤੀ ਦੋ-ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਸਹੁਰੇ ਘਰ ਪਹੁੰਚੇ। ਦੋਸ਼ ਹੈ ਕਿ ਉਨ੍ਹਾਂ ਨੇ ਆਉਂਦੇ ਹੀ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਗੋਲੀਬਾਰੀ ਵੀ ਕੀਤੀ।
ਜ਼ਖ਼ਮੀ ਸੋਨਾ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਰਾਣੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਇਸ ਤੋਂ ਬਾਅਦ ਪਤਨੀ ਨੇ ਆਪਣੇ ਪੇਕੇ ਫੋਨ ਕਰ ਦਿੱਤਾ। ਉਸ ਦਾ ਦੋਸ਼ ਹੈ ਕਿ ਪੇਕੇ ਪੱਖ ਦੇ ਲੋਕਾਂ ਨੇ ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ 5 ਤੋਂ 6 ਰਾਊਂਡ ਫਾਇਰਿੰਗ ਕੀਤੀ। ਇਸ ਦੌਰਾਨ ਇੱਕ ਗੋਲੀ ਉਸ ਨੂੰ ਲੱਗੀ, ਜਦਕਿ ਉਸ ਦੇ ਪਿਤਾ, ਭਾਬੀ ਅਤੇ ਭੈਣ ਗੋਲੀਆਂ ਦੇ ਛਰਰੇ ਲੱਗਣ ਕਾਰਨ ਜ਼ਖ਼ਮੀ ਹੋ ਗਏ।
ਦੂਜੇ ਪਾਸੇ, ਸੋਨਾ ਸਿੰਘ ਦੀ ਭੈਣ ਨਿਰਮਲ ਕੌਰ, ਜੋ ਕਿ ਚਾਰ ਮਹੀਨੇ ਦੀ ਗਰਭਵਤੀ ਹੈ, ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ ਅਤੇ ਉਸ ਦੇ ਪੇਟ ਵਿੱਚ ਲੱਤਾਂ ਮਾਰੀਆਂ ਜਿਸ ਕਾਰਨ ਉਸ ਨੂੰ ਸੱਟਾਂ ਲੱਗੀਆਂ ਉਸ ਨੇ ਕਿਹਾ ਕਿ ਹਮਲਾਵਰਾਂ ਨੇ ਬਿਨਾਂ ਕਿਸੇ ਪਰਵਾਹ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਕੀਤਾ ਅਤੇ ਗੋਲੀਬਾਰੀ ਵੀ ਕੀਤੀ।
ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਧਰਮਕੋਟ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਧਰਮਕੋਟ ਦੇ ਐੱਸਐੱਚਓ ਲਛਮਣ ਸਿੰਘ ਨੇ ਫੋਨ ਤੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here