ਪੰਜਾਬ ਹੁਸ਼ਿਆਰਪੁਰ ’ਚ ਬਜ਼ੁਰਗ ਨਾਲ ਆਨਲਾਈਨ ਠੱਗੀ/ ਏਟੀਐਮ ਕਾਰਡ ਬਦਲ ਕੇ ਠੱਗੇ 3 ਲੱਖ/ ਜਲੰਧਰ ’ਚ ਖਰੀਦਿਆ ਸੋਨਾ ਤੇ ਸ਼ਰਾਬ By admin - June 9, 2026 0 2 Facebook Twitter Pinterest WhatsApp ਹੁਸ਼ਿਆਰਪੁਰ ਦੇ ਰਹੀਮਪੁਰ ਇਲਾਕੇ ਅੰਦਰ ਇਕ ਬਜ਼ੁਰਗ ਨਾਲ ਆਨਲਾਈਨ ਠੱਗੀ ਹੋਣ ਦੀ ਖਬਰ ਸਾਹਮਣੇ ਹੈ। ਪੀੜਤ ਦੀ ਪਛਾਣ ਬਲਦੇਵ ਰਾਜ ਪੁੱਤਰ ਅਰਜਨ ਵਜੋਂ ਹੋਈ ਹੈ। ਪੀੜਤ ਦੇ ਦੱਸਣ ਮੁਤਾਬਕ ਉਹ ਬੈਂਕ ਏਟੀਐਮ ਵਿਚੋਂ ਪੈਸੇ ਕਢਵਾਉਣ ਗਿਆ ਸੀ, ਜਿੱਥੇ ਮੌਜੂਦ ਨੌਜਵਾਨ ਨੇ ਉਸ ਦਾ ਏਟੀਐਮ ਕਾਰਡ ਬਦਲ ਲਿਆ ਅਤੇ ਬਾਅਦ ਵਿਚ 3 ਲੱਖ ਰੁਪਏ ਕਢਵਾ ਲਏ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤਰ ਬਲਦੇਵ ਰਾਜ ਦੇ ਦੱਸਣ ਮੁਤਾਬਕ ਉਹ ਐਸਬੀਆਈ ਦੇ ਏਟੀਐਮ ਤੋਂ ਪੈਸੇ ਕਢਾ ਕੇ ਬਾਹਰ ਨਿਕਲ ਰਹੇ ਸਨ। ਇਸ ਦੌਰਾਨ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਗੱਲਾਂ ਵਿੱਚ ਉਲਝਾ ਲਿਆ। ਇਸੇ ਦੌਰਾਨ ਇੱਕ ਨੌਜਵਾਨ ਨੇ ਕਿਹਾ, “ਅੰਕਲ ਜੀ, ਟ੍ਰਾਂਜ਼ੈਕਸ਼ਨ ਕੈਂਸਲ ਕਰ ਦਿਓ” ਜਿਵੇਂ ਹੀ ਉਨ੍ਹਾਂ ਨੇ ਕੈਂਸਲ ਦਾ ਬਟਨ ਦਬਾਇਆ, ਠੱਗਾਂ ਨੇ ਚਲਾਕੀ ਨਾਲ ਉਨ੍ਹਾਂ ਦਾ ਏਟੀਐਮ ਕਾਰਡ ਬਦਲ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਏਟੀਐਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪਰਿਵਾਰ ਅਨੁਸਾਰ, ਕਾਰਡ ਬਦਲਣ ਤੋਂ ਬਾਅਦ ਉਕਤ ਚੋਰ ਜਲੰਧਰ ਪਹੁੰਚ ਗਏ ਅਤੇ ਉੱਥੇ ਕ੍ਰਿਸ਼ਨਾ ਨਗਰ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀ ਖਰੀਦਦਾਰੀ ਕੀਤੀ। ਇਸ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹਨ। ਇੰਨਾ ਹੀ ਨਹੀਂ, ਠੱਗਾਂ ਵੱਲੋਂ ਪੰਜ ਬੋਤਲਾਂ ਸ਼ਰਾਬ ਦੀਆਂ ਵੀ ਖਰੀਦੀਆਂ ਗਈਆਂ। ਪਰਿਵਾਰ ਦਾ ਦਾਅਵਾ ਹੈ ਕਿ ਸਾਰੀ ਖਰੀਦਦਾਰੀ ਜਲੰਧਰ ਵਿੱਚ ਕੀਤੀ ਗਈ ਅਤੇ ਖਾਤੇ ਵਿੱਚੋਂ ਕਰੀਬ 3 ਲੱਖ ਰੁਪਏ ਕੱਢਵਾ ਲਏ ਗਏ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਦੀ ਸ਼ਿਕਾਇਤ ਥਾਣਾ ਪੁਰਹੀਰਾਂ ਵਿੱਚ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। ਮਾਮਲੇ ਵਿੱਚ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਪਰਿਵਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਵੀ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਏਟੀਐਮ ਸੁਰੱਖਿਆ ਪ੍ਰਬੰਧਾਂ ਅਤੇ ਸਾਈਬਰ ਠੱਗਾਂ ਦੀ ਵਧਦੀ ਸਰਗਰਮੀ ਨੂੰ ਬੇਨਕਾਬ ਕਰ ਦਿੱਤਾ ਹੈ। ਪੀੜਤ ਪਰਿਵਾਰ ਨੇ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਥਾਣੇਦਾਰ ਸੰਗਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦਰਖਾਸਤ ਮਿਲਣ ਉਪਰੰਤ ਉਹ ਜਾਂਚ ਲਈ ਉਨ੍ਹਾਂ ਥਾਵਾਂ ‘ਤੇ ਗਏ ਸਨ ਜਿੱਥੇ ਕਾਰਡ ਰਾਹੀਂ ਖਰੀਦਦਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਉਨ੍ਹਾਂ ਕੋਲ ਨਹੀਂ, ਸਗੋਂ ਥਾਣੇਦਾਰ ਅਸ਼ੋਕ ਕੁਮਾਰ ਕੋਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਥਾਣੇਦਾਰ ਅਸ਼ੋਕ ਕੁਮਾਰ ਤਿੰਨ ਦਿਨ ਦੀ ਛੁੱਟੀ ‘ਤੇ ਹਨ, ਜਿਸ ਕਾਰਨ ਜਾਂਚ ਵੀ ਤਿੰਨ ਦਿਨ ਬਾਅਦ ਹੀ ਅੱਗੇ ਵਧੇਗੀ।