ਪੰਜਾਬ ਪਟਿਆਲਾ ਦੇ ਮੇਹਰ ਹਸਪਤਾਲ ਦੇ ਬਾਹਰ ਧਰਨਾ/ ਮਹਿਲਾ ਦੀ ਮੌਤ ਨੂੰ ਲੈ ਕੇ ਕੀਤਾ ਪ੍ਰਦਰਸ਼ਨ/ ਡਾਕਟਰਾਂ ’ਤੇ ਲੱਗੇ ਅਣਗਹਿਲੀ ਦੇ ਇਲਜ਼ਾਮ By admin - June 7, 2026 0 1 Facebook Twitter Pinterest WhatsApp ਪਟਿਆਲਾ ਸਥਿਤ ਮੇਹਰ ਹਸਪਤਾਲ ਦੇ ਬਾਹਰ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਔਰਤ ਦੀ ਇਲਾਜ ਦੌਰਾਨ ਮੌਤ ਨੂੰ ਲੈ ਕੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਧਰਨਾ ਲਾ ਦਿੱਤਾ। ਪਰਿਵਾਰ ਦੇ ਇਲਜਾਮ ਸੀ ਉਹ ਮਹਿਲਾ ਮਰੀਜ਼ ਨੂੰ ਪਿਤੇ ਦੀ ਪੱਥਰੀ ਦੇ ਇਲਾਜ ਲਈ ਲੈ ਕੇ ਆਏ ਸਨ ਪਰ ਡਾਕਟਰਾਂ ਵੱਲੋਂ ਗਲਤ ਆਪਰੇਸ਼ਨ ਕਰਨ ਕਾਰਨ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਡਾਕਟਰਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਉਧਰ ਡਾਕਟਰਾਂ ਨੇ ਦੋਸ਼ ਨਕਾਰਦਿਆਂ ਆਪਰੇਸ਼ਨ ਸਹੀ ਹੋਣ ਦੀ ਗੱਲ ਕਹੀ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭਾਬੀ ਨੂੰ ਪੱਥਰੀ ਦੇ ਆਪਰੇਸ਼ਨ ਲਈ ਸਵੇਰੇ 9 ਵਜੇ ਹਸਪਤਾਲ ਬੁਲਾਇਆ ਗਿਆ ਸੀ। ਦਿਨ ਭਰ ਟੈਸਟਾਂ ਅਤੇ ਹੋਰ ਕਾਰਵਾਈਆਂ ਤੋਂ ਬਾਅਦ ਸ਼ਾਮ ਕਰੀਬ 8 ਵਜੇ ਉਸ ਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ। ਪਰਿਵਾਰ ਦਾ ਦਾਅਵਾ ਹੈ ਕਿ ਰਾਤ 9 ਵਜੇ ਡਾਕਟਰਾਂ ਨੇ ਆਪਰੇਸ਼ਨ ਸਫਲ ਹੋਣ ਦੀ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਮਰੀਜ਼ ਬੇਹੋਸ਼ੀ ਦੀ ਹਾਲਤ ਵਿੱਚ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਹਸਪਤਾਲ ਵਿੱਚ ਅਚਾਨਕ ਹੜਕੰਪ ਮਚ ਗਿਆ ਅਤੇ ਡਾਕਟਰਾਂ ਤੇ ਸਟਾਫ ਵੱਲੋਂ ਭੱਜਦੌੜ ਕੀਤੀ ਜਾਣ ਲੱਗੀ। ਉਨ੍ਹਾਂ ਦੇ ਅਨੁਸਾਰ, ਰਾਤ ਕਰੀਬ 10 ਵਜੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਮਰੀਜ਼ ਦੀ ਹਾਲਤ ਗੰਭੀਰ ਹੋ ਗਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਮਰੀਜ਼ ਨਾਲ ਮਿਲਣ ਨਹੀਂ ਦਿੱਤਾ ਗਿਆ ਅਤੇ ਸਥਿਤੀ ਬਾਰੇ ਸਪੱਸ਼ਟ ਜਾਣਕਾਰੀ ਵੀ ਨਹੀਂ ਦਿੱਤੀ ਗਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਮਹਿਲਾ ਦੀ ਮੌਤ ਹੋਈ ਹੈ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉੱਧਰ ਹਸਪਤਾਲ ਪ੍ਰਬੰਧਨ ਵੱਲੋਂ ਆਪਣਾ ਪੱਖ ਰੱਖਦੇ ਹੋਏ ਡਾਕਟਰ ਰਮੇਸ਼ ਸਿੰਘ ਮੱਲੀ ਨੇ ਦੱਸਿਆ ਕਿ ਮਰੀਜ਼ ਦਾ ਪੱਥਰੀ ਦਾ ਆਪਰੇਸ਼ਨ ਸਫਲਤਾਪੂਰਵਕ ਕੀਤਾ ਗਿਆ ਸੀ। ਉਨ੍ਹਾਂ ਦੇ ਮੁਤਾਬਕ ਆਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਸਾਹ ਲੈਣ ਵਿੱਚ ਦਿੱਕਤ ਆਈ, ਜਿਸ ਕਾਰਨ ਉਸ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ। ਡਾਕਟਰ ਨੇ ਕਿਹਾ ਕਿ ਇਲਾਜ ਦੌਰਾਨ ਪੂਰੀ ਕੋਸ਼ਿਸ਼ ਕੀਤੀ ਗਈ ਪਰ ਰਾਤ ਕਰੀਬ ਸਾਢੇ 12 ਵਜੇ ਮਰੀਜ਼ ਦੀ ਮੌਤ ਹੋ ਗਈ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪਰਿਵਾਰ ਵੱਲੋਂ ਡਾਕਟਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਹਸਪਤਾਲ ਪ੍ਰਬੰਧਨ ਆਪਣੀ ਪੱਖੋਂ ਇਲਾਜ ਵਿੱਚ ਕੋਈ ਲਾਪਰਵਾਹੀ ਹੋਣ ਤੋਂ ਇਨਕਾਰ ਕਰ ਰਿਹਾ ਹੈ।