ਪੰਜਾਬ ਅੰਮ੍ਰਿਤਸਰ ’ਚ ਗਲੀ ਦੇ ਗੇਟ ਨੂੰ ਲੈ ਕੇ ਹੰਗਾਮਾ/ 100 ਸਾਲ ਪੁਰਾਣੀ ਬੰਦ ਕੰਧ ਨੂੰ ਖੋਲ੍ਹਣ ’ਤੇ ਵਿਵਾਦ/ ਚੱਲੀ ਗੋਲੀ, ਪੁਲਿਸ ਕਰ ਰਹੀ ਜਾਂਚ By admin - May 24, 2026 0 1 Facebook Twitter Pinterest WhatsApp ਅੰਮ੍ਰਿਤਸਰ ਦੇ ਸ਼ਹੀਦਾਂ ਸਾਹਿਬ ਨਜ਼ਦੀਕ ਕਰੋੜੀ ਚੌਂਕ ਇਲਾਕੇ ਵਿੱਚ ਇੱਕ ਬੰਦ ਗਲੀ ਵਿਚੋਂ ਦਰਵਾਜ਼ਾ ਕੱਢਣ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਣਾਅਪੂਰਨ ਝੜਪ ਹੋ ਗਈ। ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਇੱਕ ਧਿਰ ਦੇ ਵਿਅਕਤੀ ਵੱਲੋਂ ਆਪਣੇ ਬਚਾਅ ਲਈ ਹਵਾਂ ਵਿੱਚ ਫਾਇਰ ਕਰਨ ਦੀ ਗੱਲ ਸਾਹਮਣੇ ਆਈ। ਝਗੜਾ 100 ਸਾਲ ਪੁਰਾਣੀ ਕੰਧ ਵਿਚੋਂ ਦਰਵਾਜ਼ਾ ਕੱਢਣ ਨੂੰ ਲੈ ਕੇ ਹੋਇਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਕ ਧਿਰ ਨੇ ਹਾਲ ਹੀ ਵਿੱਚ ਇੱਕ ਮਕਾਨ ਖਰੀਦਿਆ ਅਤੇ ਬੰਦ ਕੰਧ ਨੂੰ ਤੋੜ ਕੇ ਗਲੀ ਵੱਲ ਦਰਵਾਜ਼ਾ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਦੂਜੀ ਧਿਰ ਨੇ ਵਿਰੋਧ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸ਼ਾਂਤੀਪੂਰਨ ਢੰਗ ਨਾਲ ਇਸ ਦਾ ਵਿਰੋਧ ਕੀਤਾ ਅਤੇ ਸਿਰਫ ਇਹ ਮੰਗ ਕੀਤੀ ਕਿ ਜੇ ਦਰਵਾਜ਼ਾ ਕੱਢਣਾ ਹੈ ਤਾਂ ਆਪਣੇ ਨਿੱਜੀ ਹਿੱਸੇ ਵੱਲੋਂ ਕੱਢਿਆ ਜਾਵੇ, ਨਾ ਕਿ ਸਾਂਝੇ ਲਾਂਘੇ ਵੱਲ। ਉਨ੍ਹਾਂ ਅਨੁਸਾਰ ਕੁਝ ਦਿਨ ਪਹਿਲਾਂ ਵੀ ਕੰਧ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੂਜੇ ਪੱਖ ਵੱਲੋਂ ਕੁਝ ਵਿਅਕਤੀਆਂ ਅਤੇ ਨਿਹੰਗ ਸਿੰਘਾਂ ਨੂੰ ਬੁਲਾਇਆ ਗਿਆ ਅਤੇ ਮੁੜ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਅਤੇ ਧੱਕਾ-ਮੁੱਕੀ ਹੋਈ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ 14-15 ਵਿਅਕਤੀ ਕਿਰਪਾਨਾਂ ਨਾਲ ਮੌਕੇ ‘ਤੇ ਪਹੁੰਚੇ ਅਤੇ ਇੱਕ ਵਿਅਕਤੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਨੇ ਸਵੈ-ਰੱਖਿਆ ਲਈ ਹਵਾ ਵਿੱਚ ਫਾਇਰ ਕਰਕੇ ਲੋਕਾਂ ਨੂੰ ਦੂਰ ਰਹਿਣ ਦੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਨਿਸ਼ਾਨਾ ਬਣਾ ਕੇ ਗੋਲੀ ਨਹੀਂ ਚਲਾਈ ਗਈ ਅਤੇ ਨਾ ਹੀ ਕਿਸੇ ਨੂੰ ਸੱਟ ਪਹੁੰਚੀ ਹੈ। ਦੂਜੇ ਪਾਸੇ ਇੱਕ ਨੌਜਵਾਨ ਨੇ ਦੱਸਿਆ ਕਿ ਮਾਮਲੇ ਨੂੰ ਆਪਸੀ ਗੱਲਬਾਤ ਨਾਲ ਸੁਲਝਾਇਆ ਜਾ ਸਕਦਾ ਸੀ ਪਰ ਵਿਵਾਦ ਵਧਦਾ ਗਿਆ। ਉਸ ਨੇ ਦਾਅਵਾ ਕੀਤਾ ਕਿ ਕੁਝ ਦਿਨ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਵੀ ਮੌਕੇ ਦਾ ਦੌਰਾ ਕਰਕੇ ਕੰਧ ਨਾ ਤੋੜਨ ਦੀ ਹਦਾਇਤ ਦਿੱਤੀ ਸੀ। ਉਸ ਦੇ ਅਨੁਸਾਰ ਬਾਅਦ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਪਹੁੰਚੇ ਅਤੇ ਤਣਾਅ ਪੈਦਾ ਹੋ ਗਿਆ। ਉਸ ਨੇ ਕਿਹਾ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੀ ਡਿਵੀਜ਼ਨ ਦੇ ਐਸਐਚਓ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਨੂੰ ਫਾਇਰਿੰਗ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐਸਐਚਓ ਨੇ ਕਿਹਾ ਕਿ ਫਾਇਰਿੰਗ ਕਿਹੜੀਆਂ ਹਾਲਾਤਾਂ ਵਿੱਚ ਕੀਤੀ ਗਈ ਅਤੇ ਵਿਵਾਦ ਦਾ ਅਸਲ ਕਾਰਨ ਕੀ ਸੀ, ਇਸ ਦੀ ਜਾਂਚ ਤੋਂ ਬਾਅਦ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।