ਅੰਮ੍ਰਿਤਸਰ ਡੀਸੀ ਦਫਤਰ ਅੱਗੇ ਦੋਧੀਆਂ ਦਾ ਪ੍ਰਦਰਸ਼ਨ/ ਸੜਕਾਂ ’ਤੇ ਦੁੱਧ ਰੋੜ ਕੇ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜ਼ੀ / ਨਕਲੀ ਦੁੱਧ ਬਣਾਉਣ ਵਾਲਿਆਂ ’ਤੇ ਮੰਗੀ ਕਾਰਵਾਈ

0
1

ਦੋਧੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਮੈਂਬਰਾਂ ਨੇ ਸੜਕਾਂ ’ਤੇ ਦੁੱਧ ਰੋੜ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜਾਹਰ ਕੀਤੀ। ਪ੍ਰਦਰਸ਼ਨਕਾਰੀਆਂ ਦਾ ਇਲਜਾਮ ਸੀ ਕਿ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਸਿੰਥੈਟਿਕ ਦੁੱਧ, ਨਕਲੀ ਪਨੀਰ ਅਤੇ ਖੋਆ ਤਿਆਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅਸਲੀ ਦੁੱਧ ਵੇਚਣ ਵਾਲੇ ਪਸ਼ੂ ਪਾਲਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਪਰ ਪ੍ਰਸ਼ਾਸਨ ਅਜਿਹੇ ਅਨਸਰਾਂ ਖਿਲਾਫ ਕਾਰਵਾਈ ਨਹੀਂ ਕਰ ਰਿਹਾ, ਜਿਸ ਕਾਰਨ ਉਨ੍ਹਾਂ ਪ੍ਰਦਰਸ਼ਨ ਕਰਨਾ ਪਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂ ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਲਗਾਤਾਰ ਪ੍ਰਸ਼ਾਸਨ ਅਤੇ ਸਿਵਲ ਸਰਜਨ ਕੋਲ ਮੰਗ ਪੱਤਰ ਦੇ ਰਹੇ ਹਨ, ਪਰ ਕਿਸੇ ਵੀ ਅਧਿਕਾਰੀ ਨੇ ਇਸ ਗੰਭੀਰ ਮਸਲੇ ’ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਪ੍ਰਦਰਸ਼ਨ ਕੀਤੇ ਗਏ, ਪਰ ਅੱਜ ਪਹਿਲੀ ਵਾਰ ਡੀਸੀ ਦਫ਼ਤਰ ਅੱਗੇ ਦੁੱਧ ਰੋੜ ਕੇ ਆਪਣਾ ਰੋਸ ਜਤਾਉਣਾ ਪਿਆ।
ਉਨ੍ਹਾਂ ਦੋਸ਼ ਲਗਾਇਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਜਿਵੇਂ ਅਜਨਾਲਾ ਰੋਡ, ਬਟਾਲਾ ਰੋਡ, ਫਤਿਹਗੜ੍ਹ ਚੂੜੀਆਂ ਰੋਡ ਅਤੇ ਮੀਰਾਂਕੋਟ ਇਲਾਕੇ ਵਿੱਚ ਨਕਲੀ ਦੁੱਧ ਅਤੇ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ਖੁੱਲ੍ਹੇਆਮ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਹ ਫੈਕਟਰੀਆਂ ਆਮ ਲੋਕਾਂ ਨੂੰ ਨਜ਼ਰ ਆ ਰਹੀਆਂ ਹਨ ਤਾਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਕਿਉਂ ਨਹੀਂ ਦਿਸਦੀਆਂ।
ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਅੱਜ ਮਾਰਕੀਟ ਵਿੱਚ 40 ਤੋਂ 55 ਰੁਪਏ ਕਿਲੋ ਤੱਕ ਨਕਲੀ ਦੁੱਧ ਅਤੇ 160 ਰੁਪਏ ਕਿਲੋ ਨਕਲੀ ਪਨੀਰ ਵੇਚਿਆ ਜਾ ਰਿਹਾ ਹੈ, ਜਦਕਿ ਅਸਲੀ ਦੁੱਧ ਅਤੇ ਪਨੀਰ ਦੀ ਲਾਗਤ ਇਸ ਤੋਂ ਕਾਫੀ ਵੱਧ ਹੈ। ਉਨ੍ਹਾਂ ਕਿਹਾ ਕਿ ਲੋਕ ਸਸਤੇ ਸਮਾਨ ਦੇ ਚੱਕਰ ਵਿੱਚ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਅਤੇ ਇਹ ਨਕਲੀ ਉਤਪਾਦ ਕੈਂਸਰ, ਪੀਲੀਆ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ।
ਉਨ੍ਹਾਂ ਸਿਵਲ ਸਰਜਨ ’ਤੇ ਵੀ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਯੂਨੀਅਨ ਮੈਂਬਰ ਇਸ ਮਸਲੇ ਨੂੰ ਲੈ ਕੇ ਉਨ੍ਹਾਂ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਕਿ “ਨਕਲੀ ਦੁੱਧ ਵਰਗੀ ਕੋਈ ਚੀਜ਼ ਨਹੀਂ ਹੁੰਦੀ।” ਯੂਨੀਅਨ ਨੇ ਇਸ ਬਿਆਨ ਨੂੰ ਲੋਕਾਂ ਦੀ ਸਿਹਤ ਨਾਲ ਖੇਡਣ ਦੇ ਬਰਾਬਰ ਕਰਾਰ ਦਿੱਤਾ। ਦੋਧੀ ਯੂਨੀਅਨ ਨੇ ਮੰਗ ਕੀਤੀ ਕਿ ਨਕਲੀ ਦੁੱਧ ਅਤੇ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ’ਤੇ ਤੁਰੰਤ ਛਾਪੇਮਾਰੀ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਵੱਲੋਂ ਮੁਹਿੰਮ ਚਲਾਈ ਜਾਵੇ।

LEAVE A REPLY

Please enter your comment!
Please enter your name here