ਸੁਲਤਾਨਪੁਰ ਲੋਧੀ ਪੁਲਿਸ ਦੇ ਨਸ਼ਾ ਤਸਕਰਾਂ ’ਤੇ ਐਕਸ਼ਨ/ ਨਸ਼ੇ ਨਾਲ ਬਣੀਆਂ ਜਾਇਦਾਦਾਂ ’ਤੇ ਚੱਲਿਆ ਪੀਲਾ ਪੰਜਾ/ ਐਸਐਸਪੀ ਗੌਰਵ ਤੁਰਾ ਦੀ ਸਖਤ ਚਿਤਾਵਨੀ

0
2

ਸੁਲਤਾਨਪੁਰ ਲੋਧੀ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਨਸ਼ਾ ਤਸਕਰ ਪਰਵਿੰਦਰ ਸਿੰਘ ਉਰਫ ਪਿੰਦਰ ਦੀ ਨਾਜਾਇਜ਼ ਉਸਾਰੀ ਉਤੇ ਪੀਲਾ ਪੰਜਾ ਚਲਾਇਆ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਪਰਵਿੰਦਰ ਸਿੰਘ ਨੇ ਨਸ਼ਿਆਂ ਦੀ ਕਮਾਈ ਨਾਲ ਪੰਚਾਇਤੀ ਜ਼ਮੀਨ ਉਤੇ ਉਸਾਰੀ ਕੀਤੀ ਗਈ ਸੀ, ਜਿਸ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਤੋੜ ਦਿੱਤਾ ਗਿਆ ਹੈ। ਸਥਾਨਕ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਕਪੂਰਥਲਾ ਗੌਰਵ ਤੁਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਜੰਗੀ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਦੇ ਤਹਿਤ ਅੱਜ ਪਿੰਡ ਤੋਤੀ, ਸੁਲਤਾਨਪੁਰ ਲੋਧੀ ਵਿੱਚ ਬੀਡੀਪੀਓ ਸੁਲਤਾਨਪੁਰ ਲੋਧੀ ਦੇ ਹੁਕਮਾਂ ਅਨੁਸਾਰ ਪਰਵਿੰਦਰ ਸਿੰਘ ਪਿੰਦਰ ਦੀਆਂ ਨਜਾਇਜ਼ ਉਸਾਰੀਆਂ ‘ਤੇ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਪਿੰਦਰ ਵੱਲੋਂ ਤਕਰੀਬਨ 15 ਮਰਲੇ ਪੰਚਾਇਤੀ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕਰਕੇ ਉਸਾਰੀ ਕੀਤੀ ਗਈ ਸੀ। ਬੀਡੀਪੀਓ ਦੇ ਹੁਕਮਾਂ ਤਹਿਤ ਇਸ ਨਜਾਇਜ਼ ਉਸਾਰੀ ਨੂੰ ਢਾਹ ਕੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਮੁੜ ਪੰਚਾਇਤ ਨੂੰ ਸੌਂਪਿਆ ਗਿਆ। ਐਸਐਸਪੀ ਗੌਰਵ ਤੁਰਾ ਨੇ ਕਿਹਾ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਰਵਿੰਦਰ ਸਿੰਘ ਪਿੰਦਰ ਖ਼ਿਲਾਫ਼ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਅਤੇ ਹੋਰ ਸੰਗੀਨ ਧਾਰਾਵਾਂ ਹੇਠ 7 ਮੁਕੱਦਮੇ ਦਰਜ ਹਨ ਅਤੇ ਇਸ ਵੇਲੇ ਉਹ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਜੰਗੀ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਹੋਰ ਕਿਹਾ ਕਿ ਤਸਕਰ ਦੇ ਕੁਝ ਪਰਿਵਾਰਕ ਮੈਂਬਰ ਫਰਾਰ ਹਨ ਅਤੇ ਇਲਾਕੇ ਵਿੱਚ ਨਹੀਂ ਰਹਿੰਦੇ, ਪਰ ਪੁਲਿਸ ਵੱਲੋਂ ਉਹਨਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਸਰਕਾਰ ਨਸ਼ਿਆਂ ਦਾ ਲੱਕ ਤੋੜਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਗੈਰ ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਇਸ ਦੌਰਾਨ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਖੁੱਲ ਕੇ ਸ਼ਲਾਘਾ ਕੀਤੀ। ਲੋਕਾਂ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਇੰਨੀ ਸਖ਼ਤ ਕਾਰਵਾਈ ਕਰਕੇ ਉਹਨਾਂ ਦਾ ਲੱਕ ਤੋੜਿਆ ਹੈ। ਲੋਕਾਂ ਨੇ ਆਸ ਜਤਾਈ ਕਿ ਅਜਿਹੀਆਂ ਕਾਰਵਾਈਆਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਵੱਡੀ ਮਦਦ ਮਿਲੇਗੀ।

LEAVE A REPLY

Please enter your comment!
Please enter your name here