ਜਲਾਲਾਬਾਦ ’ਚ ਵਿਆਹੁਤਾ ਨਾਲ ਕੁੱਟਮਾਰ/ ਸਹੁਰਾ ਪਰਿਵਾਰ ’ਤੇ ਲੱਗੇ ਗੰਭੀਰ ਇਲਜ਼ਾਮ/ ਪੁਲਿਸ ਨੇ ਪੀੜਤਾ ਦੇ ਬਿਆਨਾਂ ’ਤੇ ਜਾਂਚ ਆਰੰਭੀ

0
1

ਜਲਾਲਾਬਾਦ ਦੀ ਗੋਬਿੰਦ ਨਗਰੀ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਦਵਾਈ ਲੈਣ ਗਈ ਇੱਕ ਵਿਆਹੁਤਾ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਉੱਤੇ ਜਾਨਲੇਵਾ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਏ। ਹਮਲੇ ਦੌਰਾਨ ਵਿਆਹੁਤਾ ਅਤੇ ਉਸਦੇ ਨਾਲ ਮੌਜੂਦ ਇੱਕ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਦੋਵਾਂ ਨੂੰ ਪਹਿਲਾਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਮਗਰੋਂ ਫ਼ਰੀਦਕੋਟ ਰੈਫ਼ਰ ਕਰ ਦਿੱਤਾ। ਹਸਪਤਾਲ ਵਿਚ ਦਾਖਲ ਪੀੜਤਾ ਕੁਲਦੀਪ ਕੌਰ ਨੇ ਸਹੁਰਾ ਪਰਿਵਾਰ ਤੇ ਗੰਭੀਰ ਇਲਜ਼ਾਮ ਲਾਏ ਹਨ।
ਪੀੜਤਾ ਕੁਲਦੀਪ ਕੌਰ ਪੁੱਤਰੀ ਸਤਪਾਲ ਸਿੰਘ ਵਾਸੀ ਜੰਮੂ ਬਸਤੀ ਜਲਾਲਾਬਾਦ ਨੇ ਦੱਸਿਆ ਕਿ ਉਸਦਾ ਵਿਆਹ ਚਾਰ ਸਾਲ ਪਹਿਲਾਂ ਗੋਬਿੰਦ ਨਗਰੀ ਦੇ ਰਹਿਣ ਵਾਲੇ ਦੀਪਕ ਕੁਮਾਰ ਨਾਲ ਹੋਇਆ ਸੀ। ਪੀੜਤਾ ਦੇ ਮੁਤਾਬਕ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਉਸਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਪੀੜਤਾ ਨੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਆਪਣੇ ਪੇਕੇ ਘਰ ਜੰਮੂ ਬਸਤੀ ਵਿੱਚ ਰਹਿ ਰਹੀ ਹੈ। ਉਸਦੇ ਦੋਸ਼ ਹਨ ਕਿ ਅੱਜ ਸ਼ਾਮ ਕਰੀਬ 4 ਵਜੇ ਜਦੋਂ ਉਹ ਗੋਬਿੰਦ ਨਗਰੀ ਵਿੱਚ ਕਿਸੇ ਡਾਕਟਰ ਕੋਲੋਂ ਦਵਾਈ ਲੈਣ ਲਈ ਗਈ ਤਾਂ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸਦੇ ਨਾਲ ਮੌਜੂਦ ਨੌਜਵਾਨ ਨਾਲ ਵੀ ਮਾਰਕੁੱਟ ਕੀਤੀ ਗਈ।
ਪੀੜਤਾ ਅਤੇ ਉਸਦੀ ਮਾਤਾ ਨੇ ਦੋਸ਼ ਲਗਾਇਆ ਕਿ ਇਨਸਾਫ਼ ਦੀ ਮੰਗ ਨੂੰ ਲੈ ਕੇ ਕਈ ਵਾਰ ਸਬੰਧਿਤ ਥਾਣਾ ਸਿਟੀ ਜਲਾਲਾਬਾਦ ਪੁਲਸ ਨੂੰ ਦਰਖ਼ਾਸਤਾਂ ਦਿੱਤੀਆਂ ਗਈਆਂ ਹਨ, ਪਰ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here