ਫਰੀਦਕੋਟ ’ਚ ਕਿਸਾਨ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ/ ਸੀਐਮ ਦਾ ਸ਼ੁਕਰਾਨਾ ਯਾਤਰਾ ਦੌਰਾਨ ਵਿਰੋਧ ਕਰ ਰਹੇ ਸੀ ਕਿਸਾਨ

0
1

ਫਰੀਦਕੋਟ ਵਿਖੇ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਉਸ ਵੇਲੇ ਆਹਮੋ ਸਾਹਮਣੇ ਹੋ ਗਏ ਜਦੋਂ 40 ਦਿਨਾਂ ਤੋਂ ਲੈਂਡਮਾਰਕਜ ਬੈਂਕ ਦੇ ਬਾਹਰ ਧਰਨੇ ਉਤੇ ਬੈਠੇ ਕਿਸਾਨਾਂ ਨੇ ਮੁੱਖ ਮੰਤਰੀ ਦੀ ਫਰੀਦਕੋਟ ਫੇਰੀ ਦੌਰਾਨ ਵਿਰੋਧ ਕਰਨਾ ਚਾਹਿਆ, ਜਿਨ੍ਹਾਂ ਨੂੰ ਪੁਲਿਸ ਨੇ ਰੋਕ ਲਿਆ। ਇਸੇ ਦੌਰਾਨ ਦੋਵਾਂ ਧਿਰਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਕਿਸਾਨਾਂ ਦੇ ਧਰਨਿਆਂ ਵਿਚ ਆ ਕੇ ਮੰਗਾਂ ਦਾ ਸਮਰਥਨ ਕਰਦੇ ਰਹੇ ਹਨ ਪਰ ਅੱਜ ਸੱਤਾ ਵਿਚ ਆ ਕੇ ਜ਼ੁਲਮ ਢਾਹਿਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਜੇ ਵੀ ਗੱਲ ਨਾ ਸੁਣੀ ਤਾਂ ਕੁੱਝ ਮਹੀਨੇ ਬਾਅਦ ਵੋਟਾਂ ਦੌਰਾਨ ਜਵਾਬ ਦੇਣਾ ਪਵੇਗਾ।
ਦੱਸਣਯੋਗ ਹੈ ਕਿ ਇਹ ਕਿਸਾਨ ਪਿਛਲੇ ਕਰੀਬ 40 ਦਿਨਾਂ ਤੋਂ ਲੈਂਡਮਾਰਕਜ ਬੈਂਕ ਤੇ ਬਾਹਰ ਧਰਨੇ ਉਤੇ ਬੈਠੇ ਹੋਏ ਹਨ ਅਤੇ ਇਨ੍ਹਾਂ ਵੱਲੋਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਤੋਂ ਸਵਾਲ ਕਰਨੇ ਸਨ। ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਧਰਨੇ ਤੇ ਨਾ ਪਹੁੰਚੇ ਤਾਂ ਉਹ ਸ਼ੁਕਰਾਨਾ ਯਾਤਰਾ ਦੇ ਸਮਾਗਮ ਦੀ ਜਗ੍ਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਿਰਾਓ ਕਰਨਗੇ।
ਇਸ ਦੀ ਭਿਣਕ ਪੈਣ ਤੇ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਫੋਰਸ ਤੈਨਾਤ ਕੀਤੀ ਗਈ ਸੀ ਤਾਂ ਜੋ ਕਿਸੇ ਕਿਸਮ ਦਾ ਟਕਰਾ ਨਾ ਬਣੇ ਪਰ ਜਦੋਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਾਫਲਾ ਫਰੀਦਕੋਟ ਪੁੱਜਾ ਤਾਂ ਕਿਸਾਨਾਂ ਵੱਲੋਂ ਵੀ ਸਮਾਗਮ ਵਾਲੀ ਜਗ੍ਹਾ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੁਲਿਸ ਵੱਲੋਂ ਉਹਨਾਂ ਨੂੰ ਪਿਆਰ ਨਾਲ ਸਮਝਾਣ ਦੀ ਕੋਸ਼ਿਸ਼ ਕੀਤੀ ਤਾਂ ਜੋ ਕਿਸੇ ਕਿਸਮ ਦਾ ਖਲਲ ਨਾ ਪਾਇਆ ਜਾਵੇ।
ਇਸੇ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਧੱਕਾ ਮੁੱਕੀ ਤੱਕ ਨੌਬਤ ਪੁੱਜ ਗਈ। ਕਾਫੀ ਮਸ਼ੱਕ ਤੋਂ ਬਾਅਦ ਪੁਲਿਸ ਵੱਲੋਂ ਕਿਸਾਨਾਂ ਨੂੰ ਸਮਾਗਮ ਵਾਲੀ ਜਗ੍ਹਾ ਤੇ ਜਾਣ ਤੋਂ ਰੋਕਿਆ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਹ ਉਹੀ ਭਗਵੰਤ ਮਾਨ ਹੈ ਜੋ ਕਿਸਾਨਾਂ ਧਰਨਿਆਂ ਚ ਸ਼ਮੂਲੀਅਤ ਕਰ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਇਆ ਕਰਦਾ ਸੀ ਅਤੇ ਅੱਜ ਕਿਸਾਨ ਬੁਰੇ ਲਗਦੇ ਨੇ ਜਿਨ੍ਹਾਂ ਤੇ ਜ਼ੁਲਮ ਢਾਇਆ ਜ਼ਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਜ ਮਹੀਨੇ ਬਾਅਦ ਮੁੜ ਸਾਡੇ ਕੋਲ ਵੋਟ ਮੰਗਣ ਆਉਣਾ ਉਦੋਂ ਅਸੀ ਸਵਾਲ ਕਰਾਂਗੇ ਤੇ ਜਵਾਬ ਦੇਣਾ ਪਵੇਗਾ।

LEAVE A REPLY

Please enter your comment!
Please enter your name here