ਪੰਜਾਬ ਮੋਹਾਲੀ ਦੀ ਰਿਹਾਇਸ਼ੀ ਸੁਸਾਇਟੀ ’ਚ ਈਡੀ ਦਾ ਛਾਪਾ/ ਸੱਤਾਧਾਰੀ ਧਿਰ ਨਾਲ ਜੁੜੇ ਲੋਕਾਂ ਦੇ ਘਰਾਂ ਦੀ ਜਾਂਚ/ 9ਵੀਂ ਮੰਜ਼ਿਲ ਤੋਂ ਕਥਿਤ ਨਕਦੀ ਵਾਲੇ ਬੈਗ ਸੁੱਟਣ ਦੇ ਚਰਚੇ By admin - May 7, 2026 0 2 Facebook Twitter Pinterest WhatsApp ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੋਹਾਲੀ ਜ਼ਿਲ੍ਹੇ ਵਿੱਚ ਖਰੜ ਨੇੜੇ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਛਾਪੇਮਾਰੀ ਕੀਤੀ ਗਈ। ਖਬਰਾਂ ਆਨੁਸਾਰ ਇਹ ਛਾਪੇਮਾਰੀ ਖਰੜ ਨੇੜੇ ਛੱਜੂ ਮਾਜਰਾ ਸਥਿਤ ‘ਵੈਸਟਰਨ ਟਾਵਰਜ਼’ ਦੇ ਫਲੈਟ ਨੰਬਰ 906 ਵਿੱਚ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਇਮਾਰਤ ਦੇ ਅੰਦਰੋਂ ਕਥਿਤ ਤੌਰ ‘ਤੇ ਨਕਦੀ ਦੇ ਬੰਡਲਾਂ ਵਾਲੇ ਦੋ ਬੈਗ ਸੁੱਟੇ ਜਾਣ ਦੀਆਂ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹਨ। ਖਬਰਾਂ ਮੁਤਾਬਕ ਮੁੱਖ ਮੰਤਰੀ ਮਾਨ ਦੇ ਕਰੀਬੀ ਅਤੇ ਮਨੀ ਬੈਗ ਵਜੋਂ ਚਰਚਿਤ ਰਾਜਬੀਰ ਘੁੰਮਣ ਸਮੇਤ ਕਈ ਚਿਹਰੇ ਈਡੀ ਦੀ ਰਾਡਾਰ ਉਪਰ ਹਨ। ਸੂਤਰਾਂ ਮੁਤਾਬਕ ਛਾਪੇਮਾਰੀ ਵਾਲੀਆਂ ਥਾਵਾਂ ਵਿੱਚੋਂ ਇੱਕ ਸੀਨੀਅਰ ਸਿਆਸੀ ਆਗੂ ਨਾਲ ਜੁੜੀ ਹੋਈ ਸੀ। ਹਾਲਾਂਕਿ, ਈਡੀ ਜਾਂ ਪੰਜਾਬ ਸਰਕਾਰ ਵੱਲੋਂ ਸਿਆਸੀ ਸਬੰਧਾਂ ਦੀ ਪੁਸ਼ਟੀ ਕਰਨ ਵਾਲਾ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਹ ਛਾਪੇਮਾਰੀ ਕਥਿਤ ਤੌਰ ‘ਤੇ ਇੱਕ ਵਿਆਪਕ ਕਾਰਵਾਈ ਦਾ ਹਿੱਸਾ ਸੀ, ਜਿਸ ਵਿੱਚ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਨਾਲ ਕਥਿਤ ਤੌਰ ‘ਤੇ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਵੀ ਤਲਾਸ਼ੀ ਲਈ ਗਈ। ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਤੁਰੰਤ ਬਾਅਦ ਸੁਸਾਇਟੀ ਦੇ ਗਰਾਊਂਡ ਫਲੋਰ ਵਾਲੇ ਹਿੱਸੇ ਵਿੱਚ 500 ਰੁਪਏ ਦੇ ਕਰੰਸੀ ਨੋਟਾਂ ਦੇ ਬੰਡਲ ਖਿੱਲਰੇ ਹੋਏ ਦੇਖੇ ਗਏ। ਜਿਵੇਂ ਹੀ ਈਡੀ ਅਧਿਕਾਰੀਆਂ ਨੇ ਨਕਦੀ ਵਾਲੇ ਬੈਗ ਕਬਜ਼ੇ ਵਿੱਚ ਲਏ, ਨਿਵਾਸੀ ਮੌਕੇ ‘ਤੇ ਇਕੱਠੇ ਹੋ ਗਏ। ਸੂਤਰਾਂ ਨੇ ਦੱਸਿਆ ਕਿ ਬੈਗਾਂ ਵਿੱਚੋਂ ਕਰੀਬ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਹਾਲਾਂਕਿ, ਇਸ ਰਿਪੋਰਟ ਦੇ ਦਾਇਰ ਹੋਣ ਤੱਕ ਬਰਾਮਦ ਕੀਤੀ ਗਈ ਸਹੀ ਰਕਮ ਬਾਰੇ ਈਡੀ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ। ਕੇਂਦਰੀ ਏਜੰਸੀ ਦੇ ਅਧਿਕਾਰੀ ਕਈ ਘੰਟਿਆਂ ਤੱਕ ਫਲੈਟ ਦੇ ਅੰਦਰ ਦੱਸੇ ਗਏ ਸਨ ਅਤੇ ਤਲਾਸ਼ੀ ਦੀ ਕਾਰਵਾਈ ਦੌਰਾਨ ਅਪਾਰਟਮੈਂਟ ਅੰਦਰੋਂ ਬੰਦ ਸੀ। ਇਸ ਤੋਂ ਇਲਾਵਾ ਈਡੀ ਵੱਲੋਂ ਚੰਡੀਗੜ੍ਹ ਵਿੱਚ ਕਈ ਥਾਵਾਂ ‘ਤੇ ਤਲਾਸ਼ੀ ਲਈ ਗਈ ਹੈ। ਸੂਤਰਾਂ ਮੁਤਾਬਕ ਈਡੀ ਦੀ ਟੀਮ ਨੇ ਚੰਡੀਗੜ੍ਹ ਦੇ ਸੈਕਟਰ 16 ਵਿੱਚ ਕੋਠੀ ਨੰਬਰ 622 ਵਿੱਚ ਛਾਪਾ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਇਕ ਹੋਰ ਟੀਮ ਨੇ ਮੋਹਾਲੀ ‘ਚ ਬੀਰ ਦੇਵਿੰਦਰ ਸਿੰਘ ਉਰਫ ਬੀਰੂ ਦੇ ਟਿਕਾਣੇ ਦੀ ਤਲਾਸ਼ੀ ਲਈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਬੀਰੂ ਨੂੰ ਇੱਕ ਸੀਨੀਅਰ ਸਿਆਸੀ ਅਹੁਦੇਦਾਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਅਧਿਕਾਰੀਆਂ ਨੇ ਅਜੇ ਤੱਕ ਮਾਮਲੇ ਦੇ ਵੇਰਵੇ ਜਾਂ ਬਰਾਮਦਗੀ ਬਾਰੇ ਕੋਈ ਖੁਲਾਸਾ ਨਹੀਂ ਕੀਤਾ।