ਪੰਜਾਬ ਅੰਮ੍ਰਿਤਸਰ ’ਚ ਐਨਆਰਆਈ ਦੇ ਘਰ ’ਤੇ ਚੋਰਾਂ ਦਾ ਧਾਵਾਂ/ ਦਿਨ ਦਿਹਾੜੇ ਦਾਖਲ ਹੋ ਕੇ ਜ਼ਰੂਰੀ ਕਾਗਜ਼ਾਤ ਚੋਰੀ/ ਪੁਲਿਸ ਵੱਲੋਂ ਮੁੱਖ ਦੋਸ਼ੀ ਕਾਬੂ, ਦੋ ਸਾਥੀ ਫਰਾਰ By admin - May 5, 2026 0 1 Facebook Twitter Pinterest WhatsApp ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਇੱਕ ਐਨਆਰਆਈ ਦੇ ਘਰ ਦਿਨ ਦਿਹਾੜੇ ਘੁਸਪੈਠ ਅਤੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਬਰਦਸਤੀ ਘਰ ਵਿੱਚ ਦਾਖਲ ਹੋ ਕੇ ਨਾ ਸਿਰਫ਼ CCTV ਕੈਮਰੇ ਤੋੜੇ ਗਏ, ਸਗੋਂ ਘਰ ਵਿੱਚੋਂ ਜਰੂਰੀ ਕਾਰੋਬਾਰੀ ਡਾਕੂਮੈਂਟ ਵੀ ਚੋਰੀ ਕਰ ਲਏ ਗਏ। ਘਟਨਾ ਦੀਆਂ ਤਸਵੀਰਾਂ ਗਵਾਂਢੀ ਦੇ ਘਰ ਦੇ ਕੈਮਰੇ ਵਿੱਚ ਕੈਦ ਹੋਈਆਂ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਮੁੱਖ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਹੋਰ ਅਜੇ ਵੀ ਫਰਾਰ ਹਨ। ਪੀੜਤ ਪਰਿਵਾਰ ਨੇ ਦੱਸਿਆ ਕਿ ਚੋਰੀ ਹੋਏ ਡਾਕੂਮੈਂਟ ਉਹਨਾਂ ਦੇ ਕਾਰੋਬਾਰ ਲਈ ਬਹੁਤ ਮਹੱਤਵਪੂਰਨ ਹਨ ਅਤੇ ਉਹਨਾਂ ਦੀ ਬਰਾਮਦਗੀ ਜਰੂਰੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਜਾਰੀ ਹੈ। ਜਾਣਕਾਰੀ ਮੁਤਾਬਕ, ਘਟਨਾ ਤਿੰਨ ਤਰੀਕ ਦੀ ਹੈ, ਜਦੋਂ ਪੀੜਤ ਦੇ ਭਰਾ ਨੂੰ ਫੋਨ ਰਾਹੀਂ ਸੁਚਨਾ ਮਿਲੀ ਕਿ ਕੁਝ ਵਿਅਕਤੀ ਘਰ ਵਿੱਚ ਜਬਰਦਸਤੀ ਦਾਖਲ ਹੋ ਗਏ ਹਨ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਘਰ ਦੇ CCTV ਕੈਮਰੇ ਟੁੱਟੇ ਹੋਏ ਸਨ ਅਤੇ ਘਰ ਵਿੱਚ ਤੋੜਫੋੜ ਕੀਤੀ ਗਈ ਸੀ। ਪੀੜਤ ਦੇ ਭਰਾ ਆਦਮਜੀਤ ਸਿੰਘ ਦੇ ਮੁਤਾਬਕ ਆਰੋਪੀਆ ਨੇ ਪਹਿਲਾਂ ਘਰ ਦੇ ਤਾਲੇ ਅਤੇ ਬਾਰੀਆਂ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਪਾਰਕ ਵਾਲੀ ਸਾਈਡ ਤੋਂ ਅੰਦਰ ਵੜ ਕੇ ਕੈਮਰੇ ਨੁਕਸਾਨੀਏ ਅਤੇ ਜਰੂਰੀ ਸਮਾਨ ਚੋਰੀ ਕਰ ਲਿਆ। ਚੋਰੀ ਹੋਏ ਸਮਾਨ ਵਿੱਚ ਕੰਪਨੀ ਨਾਲ ਸੰਬੰਧਿਤ ਅਹਿਮ ਡਾਕੂਮੈਂਟ, ਸਾਈਨ ਕੀਤੇ ਬਲੈਂਕ ਪੇਪਰ, ਚੈਕ ਬੁੱਕਾਂ ਅਤੇ ਕੁਝ ਕੀਮਤੀ ਸਮਾਨ ਸ਼ਾਮਲ ਹਨ। ਇਹ ਸਾਰੀ ਘਟਨਾ ਨੇੜਲੇ ਘਰ ਦੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਪਰਿਵਾਰ ਨੇ ਆਰੋਪ ਲਗਾਇਆ ਕਿ ਮੁੱਖ ਆਰੋਪੀ ਵਿਸ਼ਾਲ ਚੋਪੜਾ ਪਹਿਲਾਂ ਵੀ ਉਹਨਾਂ ਨੂੰ ਧਮਕੀਆਂ ਦੇ ਚੁੱਕਾ ਹੈ ਅਤੇ ਕਈ ਵਾਰ ਘਰ ਦੇ ਬਾਹਰ ਆ ਕੇ ਤੰਗ ਕਰਦਾ ਸੀ। ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਕਰਦਿਆਂ ਵਿਸ਼ਾਲ ਚੋਪੜਾ ਨੂੰ ਗ੍ਰਿਫਤਾਰ ਕਰ ਲਿਆ। ਉਸਦੀ ਗੱਡੀ ਵਿੱਚੋਂ ਕੁਝ CCTV ਉਪਕਰਣ ਵੀ ਬਰਾਮਦ ਕੀਤੇ ਗਏ ਹਨ। ਥਾਣਾ ਰਣਜੀਤ ਐਵਨਿਊ ਦੇ ਐਸਐਚਓ ਰੋਬਿਨ ਹੰਸ ਦੇ ਅਨੁਸਾਰ, ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇੱਕ ਦੋਸ਼ੀ ਗ੍ਰਿਫਤਾਰ ਹੋ ਚੁੱਕਾ ਹੈ, ਜਦਕਿ ਦੋ ਹੋਰ ਦੀ ਤਲਾਸ਼ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਚੋਰੀ ਹੋਏ ਡਾਕੂਮੈਂਟਾਂ ਦੀ ਬਰਾਮਦਗੀ ਦੀ ਸੰਭਾਵਨਾ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਫਰਾਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਚੋਰੀ ਹੋਏ ਡਾਕੂਮੈਂਟ ਵਾਪਸ ਕਰਵਾਏ ਜਾਣ, ਤਾਂ ਜੋ ਉਹਨਾਂ ਦੇ ਕਾਰੋਬਾਰ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।