ਅੰਮ੍ਰਿਤਸਰ ਵਿਖੇ ਗਿਆਨੀ ਰਘਬੀਰ ਸਿੰਘ ਦੀ ਪ੍ਰੈੱਸ ਕਾਨਫਰੰਸ/ 1984 ਦੀਆਂ ਘਟਨਾਵਾਂ ਨੂੰ ਲੈ ਕੇ ਘੇਰੀ ਕੇਂਦਰ ਸਰਕਾਰ/ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਮੰਗਿਆ ਸਪੱਸ਼ਟੀਕਰਨ

0
1

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ 1984 ਨਾਲ ਜੁੜੇ ਸੰਵੇਦਨਸ਼ੀਲ ਮਾਮਲਿਆਂ ‘ਤੇ ਵੱਡੇ ਸਵਾਲ ਖੜੇ ਕੀਤੇ। ਉਨ੍ਹਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਗੁੰਮ ਹੋਏ ਕੀਮਤੀ ਦਸਤਾਵੇਜ਼ਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਨੂੰ ਮੁੜ ਉਠਾਇਆ। ਆਪਣੇ ਸੰਬੋਧਨ ਵਿਚ ਉਨ੍ਹਾਂ ਅੱਗੇ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ਸਪਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ 1984 ਦੌਰਾਨ ਓਪਰੇਸ਼ਨ ਬਲੂ ਸਟਾਰ ਸਮੇਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਤੇ ਹੋਏ ਫੌਜੀ ਹਮਲੇ ਨਾਲ ਨਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਾਰੀ ਨੁਕਸਾਨ ਪਹੁੰਚਿਆ, ਸਗੋਂ ਸਿੱਖ ਇਤਿਹਾਸ ਨਾਲ ਜੁੜੀਆਂ ਬੇਮਿਸਾਲ ਵਿਰਾਸਤੀ ਵਸਤਾਂ ਵੀ ਗਾਇਬ ਹੋ ਗਈਆਂ। ਉਨ੍ਹਾਂ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਦੁਰਲਭ ਹੱਥ-ਲਿਖਤ ਬੀੜਾਂ, ਹੁਕਮਨਾਮੇ ਅਤੇ ਇਤਿਹਾਸਕ ਦਸਤਾਵੇਜ਼ਾਂ ਦੇ ਗੁੰਮ ਹੋਣ ਨੂੰ ਲੈ ਕੇ ਅਜੇ ਤੱਕ ਸਪਸ਼ਟਤਾ ਨਹੀਂ ਆ ਸਕੀ। ਕਈ ਵਾਰ ਇਹ ਦਾਅਵੇ ਕੀਤੇ ਗਏ ਕਿ ਇਹ ਸਮੱਗਰੀ ਵਾਪਸ ਕਰ ਦਿੱਤੀ ਗਈ ਸੀ, ਜਦਕਿ ਦੂਜੇ ਪਾਸੇ ਕੁਝ ਲੋਕ ਅਜੇ ਵੀ ਇਸਨੂੰ ਗਾਇਬ ਦੱਸਦੇ ਹਨ। ਇਸ ਗੁੰਝਲ ਨੂੰ ਖਤਮ ਕਰਨ ਲਈ ਸੱਚ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ।
ਗਿਆਨੀ ਰਘਬੀਰ ਸਿੰਘ ਨੇ ਮੰਗ ਕੀਤੀ ਕਿ ਇਸ ਮਾਮਲੇ ਨਾਲ ਸੰਬੰਧਿਤ ਸਾਰੀਆਂ ਜਾਂਚ ਰਿਪੋਰਟਾਂ ਅਤੇ ਸਰਕਾਰੀ ਰਿਕਾਰਡ ਜਨਤਕ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੰਗਤ ਨੂੰ ਇਹ ਜਾਣਨ ਦਾ ਪੂਰਾ ਅਧਿਕਾਰ ਹੈ ਕਿ ਗੁੰਮ ਹੋਏ ਪਾਵਨ ਸਰੂਪ ਅਤੇ ਦਸਤਾਵੇਜ਼ ਇਸ ਵੇਲੇ ਕਿੱਥੇ ਹਨ ਅਤੇ ਉਨ੍ਹਾਂ ਦਾ ਕੀ ਹਾਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਰਫ ਧਾਰਮਿਕ ਨਹੀਂ, ਸਗੋਂ ਇਤਿਹਾਸਕ ਅਤੇ ਭਾਵਨਾਤਮਕ ਮਾਮਲਾ ਹੈ, ਜਿਸ ਨਾਲ ਪੂਰੀ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿੱਚ ਪੂਰੀ ਪਾਰਦਰਸ਼ਤਾ ਵਰਤੇ ਅਤੇ ਸੱਚਾਈ ਨੂੰ ਸਾਹਮਣੇ ਲਿਆਵੇ। ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਵਿੱਚ ਅਜੇ ਵੀ ਚਿੰਤਾ ਅਤੇ ਅਣਿਸ਼ਚਿਤਤਾ ਦਾ ਮਾਹੌਲ ਹੈ। ਹੁਣ ਗਿਆਨੀ ਰਘਬੀਰ ਸਿੰਘ ਦੀ ਇਸ ਪਹਲ ਤੋਂ ਬਾਅਦ ਦੇਸ਼ ਪੱਧਰ ‘ਤੇ ਇਸ ਮੁੱਦੇ ‘ਤੇ ਚਰਚਾ ਤੇਜ਼ ਹੋ ਗਈ ਹੈ ਅਤੇ ਲੋਕ ਉਮੀਦ ਕਰ ਰਹੇ ਹਨ ਕਿ ਸਰਕਾਰ ਜਲਦ ਹੀ ਇਸ ‘ਤੇ ਆਪਣਾ ਸਪਸ਼ਟ ਰੁਖ ਸਾਹਮਣੇ ਲਿਆਵੇਗੀ।

LEAVE A REPLY

Please enter your comment!
Please enter your name here